ਬਾਦਲਾਂ ਨੇ ‘ਆਪਣਿਆਂ’ ਨਾਲ ਗੁਪਤ ਮੀਟਿੰਗ ਕੀਤੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਆਪਣੇ ‘ਖਾਸ’ ਬੰਦਿਆਂ ਨਾਲ ਮੀਟਿੰਗ ਕਰਕੇ ਤਾਜ਼ਾ ਸਿਆਸੀ ਘਟਨਾਕ੍ਰਮ ਬਾਰੇ ਵਿਚਾਰਾਂ ਕੀਤੀਆਂ। ਬਰਗਾੜੀ ਅਤੇ ਕੋਟਕਪੂਰਾ ਵਿੱਚ ਐਤਵਾਰ ਨੂੰ ਵੱਡੇ ਇਕੱਠਾਂ ਤੋਂ ਬਾਅਦ ਹੋਈ ਇਸ ਮੀਟਿੰਗ ਨੂੰ ਅਕਾਲੀ ਸਿਆਸਤ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਸੂਬੇ ਦੇ ਸਿਆਸੀ ਧਰਾਤਲ ’ਤੇ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਦੌਰਾਨ ‘ਪੰਥਕ’ ਪਾਰਟੀ ਅਤੇ ਖਾਸ ਕਰ ਬਾਦਲ ਪਰਿਵਾਰ ਦੀਆਂ ਚੁਣੌਤੀਆਂ ਵਧਦੀਆਂ ਜਾ ਰਹੀਆਂ ਹਨ। ਸੂਤਰਾਂ ਮੁਤਾਬਕ ਮੀਟਿੰਗ ਵਿੱਚ ਬਾਦਲ ਪਰਿਵਾਰ ਦੇ ਅਤਿ ਕਰੀਬੀ ਮੰਨੇ ਜਾਂਦੇ ਬਲਵਿੰਦਰ ਸਿੰਘ ਭੂੰਦੜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਦੋ ਹੋਰ ਨੇਤਾਵਾਂ ਨੂੰ ਹੀ ਸੱਦਾ ਪੱਤਰ ਭੇਜਿਆ ਗਿਆ ਸੀ। ਇਹ ਮੀਟਿੰਗ ਰਾਜਧਾਨੀ ਦੇ ਸੈਕਟਰ 4 ਵਿਚਲੇ ਐਮਐਲਏ ਫਲੈਟ ’ਤੇ ਹੋਈ। ਅਕਾਲੀ ਦਲ ਦੇ ਇੱਕ ਸੀਨੀਅਰ ਨੇਤਾ ਨੇ ‘ਗੁਪਤ’ ਮੀਟਿੰਗ ਹੋਣ ਦੀ ਪੁਸ਼ਟੀ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰਾਂ ਜਾਂ ਹੋਰਨਾਂ ਸੀਨੀਅਰ ਆਗੂਆਂ ਨੂੰ ਮੀਟਿੰਗ ਦੀ ਭਿਣਕ ਤੱਕ ਨਾ ਪੈਣ ਦਿੱਤੀ ਗਈ। ਪਾਰਟੀ ਹਲਕਿਆਂ ਦਾ ਕਹਿਣਾ ਹੈ ਕਿ ਕਈ ‘ਟਕਸਾਲੀ’ ਆਗੂਆਂ ਨੇ ਵੱਖਰੀ ਸੁਰ ਅਖ਼ਤਿਆਰ ਕੀਤੀ ਹੋਈ ਹੈ ਅਤੇ ਇਨ੍ਹਾਂ ਹਾਲਾਤ ਵਿੱਚ ਕੋਰ ਕਮੇਟੀ ਦੀ ਮੀਟਿੰਗ ਬੁਲਾਉਣਾ ਜ਼ਿਆਦਾ ਬਿਹਤਰ ਨਹੀਂ ਮੰਨਿਆ ਗਿਆ।
ਜਾਣਕਾਰੀ ਮੁਤਾਬਕ ਅਚਨਚੇਤੀ ਮੀਟਿੰਗ ਲਈ ਐਤਵਾਰ ਦੇਰ ਸ਼ਾਮ ਨੂੰ ਸੰਦੇਸ਼ ਲਾਏ ਗਏ ਅਤੇ ਚੋਣਵੇਂ ਆਗੂਆਂ ਨੂੰ ਚੰਡੀਗੜ੍ਹ ਪਹੁੰਚਣ ਲਈ ਕਿਹਾ ਗਿਆ। ਦਿੱਲੀ ਨਾਲ ਸਬੰਧਤ ਇੱਕ ਅਕਾਲੀ ਆਗੂ ਨੂੰ ਵੀ ਉਚੇਚੇ ਤੌਰ ’ਤੇ ਪਹੁੰਚਣ ਲਈ ਕਿਹਾ ਗਿਆ ਸੀ। ਸੂਤਰਾਂ ਨੇ ਕਿਹਾ ਕਿ ਅਕਾਲੀ ਦਲ ਅੰਦਰ ਇਸ ਗੱਲ ’ਤੇ ਡੂੰਘਾ ਵਿਚਾਰ ਚੱਲ ਰਿਹਾ ਹੈ ਕਿ ਮੌਜੂਦਾ ਸੰਕਟ ਨੂੰ ਟਾਲਣ ਲਈ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਮੁਆਫ਼ੀ ਮੰਗ ਲਈ ਜਾਵੇ। ਬਾਦਲ ਪਰਿਵਾਰ ਦੇ ਕੁੱਝ ਕੱਟੜ ਹਮਾਇਤੀ ਅਕਾਲੀ ਨੇਤਾਵਾਂ ਦਾ ਕਹਿਣਾ ਹੈ ਕਿ ਮੁਆਫ਼ੀ ਮੰਗਣ ਤੋਂ ਪਹਿਲਾਂ ਇਹ ਵੀ ਸੋਚ ਲਿਆ ਜਾਵੇ ਕਿ ਇਹ ਕਦਮ ਸਿਆਸੀ ਤੌਰ ’ਤੇ ਭਾਰੀ ਤਾਂ ਨਹੀਂ ਪਏਗਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਜਿਨ੍ਹਾਂ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮੁਆਫ਼ੀ ਮੰਗਣ ਤੋਂ ਬਾਅਦ ਕਿਤੇ ਲੋਕਾਂ ਵਿੱਚ ਇਹ ਸੰਦੇਸ਼ ਨਾ ਚਲਾ ਜਾਵੇ ਕਿ ਦੋਸ਼ ਪੁਖਤਾ ਹਨ। ਅੱਜ ਦੀ ਮੀਟਿੰਗ ਦੌਰਾਨ ਜਥੇਦਾਰ ਅਕਾਲ ਤਖ਼ਤ ਦੇ ਵਿਵਾਦ ਅਤੇ ਹੋਰਨਾਂ ਧਾਰਮਿਕ ਮਾਮਲਿਆਂ ਬਾਰੇ ਵੀ ਚਰਚਾ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਨੇਤਾਵਾਂ ਵੱਲੋਂ ਪਿਛਲੇ ਦਿਨਾਂ ਤੋਂ ਬਾਗੀ ਸੁਰਾਂ ਅਲਾਪੀਆਂ ਜਾ ਰਹੀਆਂ ਹਨ। ਸੁਖਦੇਵ ਸਿੰਘ ਢੀਂਡਸਾ ਨੇ ਸਕੱਤਰ ਜਨਰਲ ਤੇ ਕੋਰ ਕਮੇਟੀ ਦੇ ਮੈਂਬਰ ਵਜੋਂ ਅਸਤੀਫ਼ਾ ਦੇ ਚੁੱਕੇ ਹਨ। ਸੂਤਰਾਂ ਮੁਤਾਬਕ ਕੋਰ ਕਮੇਟੀ ਦੇ ਹੀ ਕੁੱਝ ਮੈਂਬਰਾਂ ਖਾਸ ਕਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੇਵਾ ਸਿੰਘ ਸੇਖਵਾਂ ਆਦਿ ਦੇ ਬਦਲੇ ਹੋਏ ਤੇਵਰਾਂ ਕਾਰਨ ਹੀ ਅਕਾਲੀ ਦਲ ਦੀ ਕੋਰ ਕਮੇਟੀ ਮੀਟਿੰਗ ਨਹੀਂ ਬੁਲਾਈ ਜਾ ਰਹੀ ਤਾਂ ਜੋ ਬਗ਼ਾਵਤੀ ਸੁਰਾਂ ਮੀਟਿੰਗ ਦੌਰਾਨ ਸਾਹਮਣੇ ਨਾ ਆਉਣ। ਬੇਅਦਬੀ ਕਾਂਡ ਇੱਕ ਵੱਡਾ ਭਖਦਾ ਮੁੱਦਾ ਬਣ ਜਾਣ ਕਾਰਨ ਬਾਦਲ ਪਰਿਵਾਰ ਨਿਸ਼ਾਨੇ ’ਤੇ ਆਇਆ ਹੋਇਆ ਹੈ।