ਇੱਕ ਦੁੱਖ ਮਾਪਿਆਂ ਦਾ ਜੋ ਸਦਾ ਮੇਰੇ ਸੰਗ ਰਹਿੰਦਾ ਏ
ਨਾ ਹੁੰਦੇ ਇਹ ਘਾਟੇ ਪੂਰੇ ਸਾਰਾ ਜਗ ਸੱਚ ਹੀ ਕਹਿੰਦਾ ਏ
ਛੋਟੀ ਉਮਰੇ ਵੱਡੀਆਂ ਗੱਲਾਂ ਸਮਾਂ ਹੈ ਦਿਲਾ ਸਿਖਾ ਜਾਂਦਾ
ਨਾ ਮਿਟਦਾ ਲੇਖਾਂ ਦਾ ਲਿਖਿਆ ਜੋ ਬੰਦਾ ਧੁਰੋਂ ਲਿਖਾ ਜਾਂਦਾ…..
ਇੱਕ ਦੁੱਖ ਉਹਦੇ ਆਉਣੇ ਤੇ ਫਿਰ ਛੇਤੀ ਜਾਣੇ ਦਾ ਗਹਿਰਾ
ਸਾਡੇ ਦਿਲ ਵਿੱਚ ਰਹਿੰਦਾ ਹੈ ਜੀਹਦੀਆਂ ਯਾਦਾਂ ਦਾ ਪਹਿਰਾ
ਚੇਤੇ ਕਰ ਮਨ ਦੇ ਮਹਿਲਾਂ ਦੀ ਰਾਣੀ ਨੂੰ ਮੁੰਡਾ ਝੋਰੇ ਖਾ ਜਾਂਦਾ
ਨਾ ਮਿਟਦਾ ਲੇਖਾਂ ਦਾ ਲਿਖਿਆ ਜੋ ਬੰਦਾ ਧੁਰੋਂ ਲਿਖਾ ਜਾਂਦਾ…..
ਇੱਕ ਦੁੱਖ ਸਾਨੂੰ ਸਭ ਤੋਂ ਪਿੱਛੇ ਰਹਿ ਜਾਵਣ ਦਾ ਹੈ ਯਾਰਾ
ਨਾ ਦਿੱਤੇ ਸਾਡੇ ਸਾਥ ਸਮੇਂ ਨੇ ਨਾ ਚੱਲਿਆ ਕੋਈ ਸਾਡਾ ਚਾਰਾ
ਸੁਪਨੇ ਵੇਚ ਕੇ ਕਦੇੇ ਘਰ ਨਾ ਚਲਦੇ ਸ਼ੀਸ਼ਾ ਸਭ ਵਿਖਾ ਜਾਂਦਾ
ਨਾ ਮਿਟਦਾ ਲੇਖਾਂ ਦਾ ਲਿਖਿਆ ਜੋ ਬੰਦਾ ਧੁਰੋਂ ਲਿਖਾ ਜਾਂਦਾ…..
ਇੱਕ ਦੁੱਖ ਮੇਰੇ ਯਾਰਾਂ ਦਾ ਭਾਰਾ ਕਿੰਝ ਮੈਂ ਕਲਮੀਂ ਉਤਾਰ ਦਿਆਂ
ਬਹੁਤੀ ਲੰਘੀ ਥੋੜੀ ਰਹਿ ਗਈ ਇੰਝ ਮੈਂ ਕਿੰਨੇ ਕੁ ਵਰਕੇ ਗ਼ਾਲ ਦਿਆਂ
ਸਾਂਉਕੇ ਨੇ ਉਹ ਗ਼ਮ ਸਾਂਭ ਕੇ ਰੱਖਿਆ ਜੋ ਸਿਕੰਦਰ ਨੂੰ ਵੀ ਢਾਅ ਜਾਂਦਾ
ਨਾ ਮਿਟਦਾ ਲੇਖਾਂ ਦਾ ਲਿਖਿਆ ਜੋ ਬੰਦਾ ਧੁਰੋਂ ਲਿਖਾ ਜਾਂਦਾ…..
ਇਹ ਸਭ ਦੁੱਖ ਲੈ ਦੇ ਕੇ ਮੇਰੀ ਜਿੰਦਗੀ ਦਾ ਸਰਮਾਇਆ ਨੇ
ਛੱਡ ਮਨਾਂ ਤੂੰ ਵੀ ਝਾੜ ਦੇ ਪੱਲਾ ਹਾਸੇ ਤਾਂ ਹੁੰਦੇ ਮੋਹ ਮਾਇਆ ਨੇ
ਸੱਧਰਾਂ ਖਰੀਦਣ ਦੀ ਨਾ ਪਹੁੰਚ ਕੋਈ ਇੱਥੇ ਨਿੱਝਰ ਵੀ ਧੋਖਾ ਖਾ ਜਾਂਦਾ
ਨਾ ਮਿਟਦਾ ਲੇਖਾਂ ਦਾ ਲਿਖਿਆ ਜੋ ਬੰਦਾ ਧੁਰੋਂ ਲਿਖਾ ਜਾਂਦਾ…..
ਤਲਵਿੰਦਰ ਨਿੱਝਰ ਸਾਂਉਕੇ
94173—86547