ਚੰਡੀਗੜ੍ਹ- ਇਥੋਂ ਦੇ ਸੈਕਟਰ-15 ਦੇ ਇੱਕ ਪਾਰਕ ਵਿੱਚ 22 ਸਾਲਾਂ ਦੇ ਨੌਜਵਾਨ ਦੀ ਲਾਸ਼ ਮਿਲੀ ਹੈ। ਮੌਕੇ ’ਤੇ ਪਹੁੰਚੀ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 9 ਵਜੇ ਦੇ ਕਰੀਬ ਪੁਲੀਸ ਨੂੰ ਸੂਚਨਾ ਮਿਲੀ ਕਿ ਸੈਕਟਰ-24 ਸਥਿਤ ਪਾਰਕਵਿਊ ਹੋਟਲ ਦੇ ਸਾਹਮਣੇ ਸੈਕਟਰ-15 ਵਾਲੀ ਸੁੰਨਸਾਨ ਥਾਂ ਵਿੱਚ ਇਕ ਨੌਜਵਾਨ ਦੀ ਲਾਸ਼ ਪਈ ਹੋਈ ਹੈ। ਪੁਲੀਸ ਨੇ ਲਾਸ਼ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਜਿਥੇ ਡਾਕਟਰਾਂ ਨੇ ਮੌਤ ਦੀ ਪੁਸ਼ਟੀ ਕਰ ਦਿੱਤੀ। ਮ੍ਰਿਤਕ ਨੌਜਵਾਨ ਦੀ ਪਛਾਣ ਸੰਜੇ ਯਾਦਵ ਵਜੋਂ ਹੋਈ ਹੈ, ਜੋ ਧਨਾਸ ਦੀ ਈਡਬਲਿਊਐੱਸ ਕਲੋਨੀ ਦਾ ਵਸਨੀਕ ਸੀ। ਉਸ ਦੇ ਸਰੀਰ ’ਤੇ ਛੱਰੇ ਵੱਜਣ ਦੇ ਨਿਸ਼ਾਨ ਵੀ ਸਨ। ਪੁਲੀਸ ਨੇ ਲਾਸ਼ ਕੋਲੋਂ ਇੱਕ ਸ਼ਨਾਖਤੀ ਕਾਰਡ ਵੀ ਬਰਾਮਦ ਕੀਤਾ ਹੈ, ਜਿਸ ਰਾਹੀਂ ਖੁਲਾਸਾ ਹੋਇਆ ਕਿ ਇਹ ਨੌਜਵਾਨ ਮੁਹਾਲੀ ਦੀ ਇੱਕ ਫਰਮ ਵਿੱਚ ਡਲਿਵਰੀ ਬੁਆਏ ਵਜੋਂ ਕੰਮ ਕਰਦਾ ਸੀ। ਵੇਰਵਿਆ ਅਨੁਸਾਰ ਲੋਕਾਂ ਵੱਲੋਂ ਲਾਸ਼ ਬਾਰੇ ਜਾਣਕਾਰੀ ਦੇਣ ’ਤੇ ਪੀਸੀਆਰ ਵੈਨ ਮੌਕੇ ’ਤੇ ਪਹੁੰਚੀ। ਪੁਲੀਸ ਅਨੁਸਾਰ ਲਾਸ਼ ਖੂਨ ਨਾਲ ਲਥਪਥ ਸੀ ਅਤੇ ਮੂੰਹ, ਨੱਕ ਤੇ ਛਾਤੀ ਵਿੱਚੋਂ ਖੂਨ ਵਗ ਰਿਹਾ ਸੀ। ਲਾਸ਼ ਦੇ ਗਲੇ, ਛਾਤੀ ਅਤੇ ਪਿੱਠ ’ਤੇ ਜ਼ਖ਼ਮਾਂ ਦੇ ਨਿਸ਼ਾਨ ਸਨ। ਪੁਲੀਸ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਲਾਸ਼ ਦੀ ਜਾਂਚ ਕਰਨ ਮਗਰੋਂ ਇਹ ਗੱਲ ਸਾਹਮਣੇ ਆਈ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਨੌਜਵਾਨ ਦੀ ਹੱਤਿਆ ਕੀਤੀ ਹੈ। ਪੁਲੀਸ ਨੇ ਘਟਨਾ ਵਾਲੀ ਥਾਂ ਤੋਂ ਕਈ ਸਬੂਤ ਇਕੱਠੇ ਕੀਤੇ ਹਨ। ਇਸੇ ਦੌਰਾਨ ਐੱਸਡੀਪੀਓ (ਕੇਂਦਰੀ) ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਸੰਜੇ ਯਾਦਵ ਨੂੰ ਉਸ ਦੇ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਨੇ ਬੀਤੀ ਰਾਤ 12.30 ਵਜੇ ਦੇ ਕਰੀਬ ਆਪਣੇ ਘਰ ਦੇ ਨੇੜੇ ਵੇਖਿਆ ਸੀ। ਜਦੋਂ ਪੁਲੀਸ ਨੇ ਲਾਸ਼ ਬਰਾਮਦ ਕੀਤੀ ਤਾਂ ਉਸ ਸਮੇਂ ਸੰਜੇ ਦਾ ਮੋਬਾਈਲ ਫੋਨ ਬੰਦ ਪਿਆ ਸੀ। ਇਹ ਵੀ ਪਤਾ ਲੱਗਿਆ ਹੈ ਕਿ ਬੀਤੀ ਰਾਤ ਦਸ ਵਜੇ ਤੱਕ ਉਸ ਨੇ ਚੰਡੀਗੜ੍ਹ ਵਿੱਚ ਰਾਮਲੀਲ੍ਹਾ ਵੇਖੀ ਅਤੇ ਬਾਅਦ ਵਿੱਚ ਧਨਾਸ ਲਈ ਰਵਾਨਾ ਹੋਇਆ। ਪੁਲੀਸ ਨੇ ਖਦਸ਼ਾ ਜਤਾਇਆ ਹੈ ਕਿ ਧਨਾਸ ਲਈ ਰਵਾਨਾ ਹੋਣ ਤੋਂ ਬਾਅਦ ਹੀ ਸੰਜੇ ਯਾਦਵ ਦੀ ਹੱਤਿਆ ਕੀਤੀ ਗਈ ਹੈ। ਪੁਲੀਸ ਨੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛ ਪੜਤਾਲ ਕੀਤੀ ਹੈ ਤੇ ਹਰ ਪੱਖੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਸੂਤਰਾਂ ਅਨੁਸਾਰ ਸੰਜੇ ਯਾਦਵ ਦੇ ਛੋਟੇ ਭਰਾ ਦਾ ਕੁਝ ਦਿਨ ਪਹਿਲਾਂ ਕਿਸੇ ਨਾਲ ਝਗੜਾ ਹੋ ਗਿਆ ਸੀ ਅਤੇ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚੋਂ ਹੀ ਕਿਸੇ ਵਿਅਕਤੀ ਨੇ ਸੰਜੇ ਯਾਦਵ ਦੀ ਹੱਤਿਆ ਕੀਤੀ ਹੋ ਸਕਦੀ ਹੈ। ਇਸੇ ਦੌਰਾਨ ਸਰਕਾਰ ਹਸਪਤਾਲ ਸੈਕਟਰ-16 ਦੇ ਮੈਡੀਕਲ ਸੁਪਰਡੈਂਟ ਡਾ. ਸਤਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸਵੇਰੇ 9.25 ’ਤੇ ਸੰਜੇ ਦੀ ਲਾਸ਼ ਹਸਪਤਾਲ ਲਿਆਂਦੀ ਅਤੇ ਜਾਂਚ ਮਗਰੋਂ ਉਸ ਦੇ ਮ੍ਰਿਤਕ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ।
INDIA ਧਨਾਸ ਦੇ ਨੌਜਵਾਨ ਦੀ ਚੰਡੀਗੜ੍ਹ ’ਚੋਂ ਲਾਸ਼ ਮਿਲੀ