ਬਰਗਾੜੀ ਮੋਰਚੇ ਲਈ ਸੂਬੇ ਦੀਆਂ ਵੱਖ ਵੱਖ ਥਾਵਾਂ ਤੋਂ ਇਲਾਵਾ ਦੂਜੇ ਸੂਬਿਆਂ ਤੋਂ ਵੀ ਲੰਗਰ ਆ ਰਿਹਾ ਹੈ। ਇਹ ਲੰਗਰ ਵੱਖ ਵੱਖ ਸੂਬਿਆਂ ਦੀ ਸਿੱਖ ਸੰਗਤ ਭੇਜ ਰਹੀ ਹੈ। ਇਨ੍ਹਾਂ ਵਿਚ ਜਿਆਦਾ ਸੰਗਤ ਰਾਜਸਥਾਨ, ਹਰਿਆਣਾ ਤੇ ਚੰਡੀਗੜ੍ਹ ਦੀ ਹੈ। ਜੰਮੂ ਕਸ਼ਮੀਰ ਤੋਂ ਲੰਗਰ ਲਈ ਸੁੱਕੀ ਰਸਦ ਆ ਰਹੀ ਹੈ। ਬਰਗਾੜੀ ਮੋਰਚੇ ਵਿਚ ਸੇਵਾ ਕਰ ਰਹੇ ਮਨਬੀਰ ਸਿੰਘ ਮੰਡ ਨੇ ਦੱਸਿਆ ਕਿ ਰਾਜਸਥਾਨ ਅਤੇ ਨਾਲ ਦੇ ਸੂਬਿਆਂ ਤੋਂ ਲੰਗਰ ਤਿਆਰ ਹੋ ਕੇ ਆ ਰਿਹਾ ਹੈ। ਚੰਡੀਗੜ੍ਹ ਦੀ ਸਿੱਖ ਸੰਗਤ ਵੀ ਬਰਗਾੜੀ ਮੋਰਚੇ ਲਈ ਲੰਗਰ ਦੀ ਸੇਵਾ ਕਰ ਰਹੀ ਹੈ। ਫ਼ਰੀਦਕੋਟ, ਮੋਗਾ, ਫਿਰੋਜ਼ਪੁਰ, ਬਠਿੰਡਾ ਤੇ ਨਾਲ ਲੱਗਦੇ ਹੋਰ ਜ਼ਿਲ੍ਹਿਆਂ ਦੇ ਪਿੰਡਾਂ ਵਿਚੋਂ ਵੀ ਲੰਗਰ ਦੀਆਂ ਵਾਰੀਆਂ ਬੱਝੀਆਂ ਹੋਈਆਂ ਹਨ। ਮੋਰਚੇ ਦੇ ਮੁੱਖ ਆਗੂ ਭਾਈ ਧਿਆਨ ਸਿੰਘ ਮੰਡ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 7 ਅਕਤੂਬਰ ਨੂੰ ਜਿਹੜਾ ਵੱਡਾ ਇਕੱਠ ਹੋਇਆ ਸੀ, ਉਸ ਵਾਸਤੇ ਵੀ ਸੰਗਤ ਨੇ ਹੀ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਸੀ। ਏਨੀ ਵੱਡੀ ਸੰਗਤ ਨੂੰ ਲੰਗਰ ਛਕਾਉਣ ਤੋਂ ਹੀ ਸਿੱਖ ਧਰਮ ਦੀ ਇਸ ਮਹਾਨ ਪ੍ਰੰਪਰਾ ਦਾ ਪਤਾ ਲੱਗਦਾ ਹੈ। ਹੁਣ 14 ਅਕਤੂਬਰ ਨੂੰ ਹੋਣ ਵਾਲੇ ਇਕੱਠ ਲਈ ਵੀ ਸੰਗਤ ਵੱਲੋਂ ਵੱਖ-ਵੱਖ ਥਾਵਾਂ ’ਤੇ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਮਨਬੀਰ ਸਿੰਘ ਮੰਡ ਨੇ ਦੱਸਿਆ ਕਿ ਰੋਜ਼ਾਨਾ 5 ਤੋਂ 7 ਹਜ਼ਾਰ ਦੇ ਕਰੀਬ ਸੰਗਤ ਲੰਗਰ ਛਕਦੀ ਹੈ ਤੇ ਐਤਵਾਰ ਨੂੰ ਸੰਗਤ ਦੀ ਗਿਣਤੀ 25 ਹਜ਼ਾਰ ਤੋਂ ਵੀ ਟੱਪ ਜਾਂਦੀ ਹੈ। ਬਰਗਾੜੀ ਮੋਰਚੇ ਵਿਚ 7 ਅਕਤੂਬਰ ਨੂੰ ਸ਼ਾਮਲ ਹੋਏ ਨਰੇਸ਼ ਸਿੰਗਲਾ ਨੇ ਦੱਸਿਆ ਕਿ ਉਹ ਕੋਟਕਪੂਰਾ ਦਾ ਰਹਿਣ ਵਾਲਾ ਹੈ। ਤਿੰਨ ਸਾਲ ਪਹਿਲਾਂ 14 ਅਕਤੂਬਰ 2015 ਨੂੰ ਜਦੋਂ ਇੱਥੇ ਚੌਕ ਵਿਚ ਗੋਲੀ ਚੱਲੀ ਸੀ ਤਾਂ ਇਕ ਰਾਤ ਪਹਿਲਾਂ ਉਹ ਸੰਗਤ ਅਤੇ ਉਥੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਲੰਗਰ ਛਕਾ ਕੇ ਆਏ ਸਨ। ਦੇਰ ਰਾਤ ਤੱਕ ਉਹ ਲੰਗਰ ਦੀ ਸੇਵਾ ਕਰਦੇ ਰਹੇ ਸਨ। ਗੋਲੀ ਚੱਲਣ ਬਾਅਦ ਜਦੋਂ ਉਥੇ ਚੌਕ ਵਿਚ ਗਏ ਤਾਂ ਲੰਗਰ ਦੇ ਭਾਂਡੇ ਖਿੱਲਰੇ ਪਏ ਸਨ ਤੇ ਉਹ ਮੰਜ਼ਰ ਦੇਖ ਕੇ ਬਹੁਤ ਦੁੱਖ ਹੋਇਆ। ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ਼ ਬਹਾਦਰ ਨਗਰ ਤੋਂ ਬਰਗਾੜੀ ਮੋਰਚੇ ਲਈ ਸੰਗਤ ਨੂੰ ਲਿਜਾ ਰਹੇ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ਗਾਬਾ ਨੇ ਦੱਸਿਆ ਕਿ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਹੁਣ 14 ਅਕਤੂਬਰ ਨੂੰ ਬਰਗਾੜੀ ਵਿਚ ਹੋਣ ਵਾਲੇ ਇਕੱਠ ’ਤੇ ਹਨ। ਮੋਰਚੇ ਨੂੰ ਮਿਲ ਰਹੇ ਸਮਰਥਨ ਨੇ ਸ਼੍ਰੋਮਣੀ ਅਕਾਲੀ ਦਲ ਦੀ ਨੀਂਦ ਉਡਾਈ ਹੋਈ ਹੈ। ਮੋਰਚੇ ਨੂੰ ਹੁਣ ਪੰਜਾਬ ਤੋਂ ਬਾਹਰੋਂ ਵੀ ਸਿੱਖਾਂ ਦੀ ਹਮਾਇਤ ਮਿਲਣ ਲੱਗ ਪਈ ਹੈ।
INDIA ਬਰਗਾੜੀ ਮੋਰਚਾ: ਬਾਹਰਲੇ ਸੂਬਿਆਂ ਤੋਂ ਵੀ ਆ ਰਿਹੈ ਲੰਗਰ