ਕੁਲ ਹਿੰਦ ਕਿਸਾਨ ਤਾਲਮੇਲ ਕਮੇਟੀ ਦੇ ਸੱਦੇ ‘ਤੇ ਵੱਖ-ਵੱਖ ਜਥੇਬੰਦੀਆਂ ਦੇ ਸੈਂਕੜੇ ਕਿਸਾਨ ਵਰਕਰਾਂ ਨੇ ਮਾਰਕੀਟ ਕਮੇਟੀ ਮਾਨਸਾ ਦੇ ਦਫ਼ਤਰ ਅੱਗੇ ਨਰਮੇ ਦੀ ਖਰੀਦ ਸਮੇਂ ਕਿਸਾਨਾਂ ਦੀ ਹੋ ਰਹੀ ਲੁੱਟ ਖਿਲਾਫ਼ ਸਾਥੀ ਭੋਲਾ ਸਿੰਘ ਸਮਾਓ ਪ੍ਰਧਾਨ, ਪੰਜਾਬ ਕਿਸਾਨ ਯੂਨੀਅਨ, ਰਾਜ ਸਿੰਘ ਅਕਲੀਆ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ), ਅਮਰੀਕ ਸਿੰਘ ਫਫੜੇ ਜ਼ਿਲ੍ਹਾ ਸਕੱਤਰ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਰੂਪ ਸਿੰਘ ਢਿੱਲੋਂ ਸਕੱਤਰ ਕੁਲ ਹਿੰਦ ਕਿਸਾਨ ਸਭਾ ਦੀ ਅਗਵਾਈ ਵਿਚ ਧਰਨਾ ਦਿੱਤਾ। ਜਮਹੂਰੀ ਕਿਸਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਛੱਜੂ ਰਾਮ ਰਿਸ਼ੀ, ਹਾਕਮ ਸਿੰਘ ਕੋਟ ਧਰਮੂ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ, ਮਹਿੰਦਰ ਸਿੰਘ ਭੈਣੀਬਾਘਾ ਬੀ.ਕੇ.ਯੂ. (ਡਕੌਂਦਾ) ਅਤੇ ਗੋਰਾ ਸਿੰਘ ਭੈਣੀਬਾਘਾ ਸੂਬਾ ਮੀਤ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਨੇ ਮੰਗ ਕੀਤੀ ਕਿ ਨਰਮੇ ਦੀ ਖਰੀਦ ਭਾਰਤੀ ਕਪਾਹ ਨਿਗਮ ਵੱਲੋਂ ਕੀਤੀ ਜਾਵੇ, ਸਰਕਾਰ ਵੱਲੋਂ ਐਲਾਨੀ ਘੱਟੋ-ਘੱਟ ਸਹਾਇਕ ਕੀਮਤ ਦੇਣ ਦੀ ਗਾਰੰਟੀ ਦਿੱਤੀ ਜਾਵੇ ਅਤੇ ਕਿਸਾਨਾਂ ਨੂੰ ਅਦਾਇਗੀ ਸਿੱਧੀ ਕੀਤੀ ਜਾਵੇ। ਬੁਲਾਰਿਆਂ ਨੇ ਇਹ ਵੀ ਮੰਗ ਕੀਤੀ ਕਿ ਪਰਾਲੀ ਦੀ ਖਪਤ ਲਈ ਕਿਸਾਨਾਂ ਨੂੰ ਛੇ ਹਜ਼ਾਰ ਰੁਪਏ ਪ੍ਰਤੀ ਏਕੜ ਮਦਦ ਦਿਤੀ ਜਾਵੇ ਜਾਂ ਮੁਫ਼ਤ ਸੰਦ ਮੁਹੱਈਆ ਕਰਵਾਏ ਜਾਣ ਜਾਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਤੋਂ ਇਲਾਵਾ ਮੰਡੀ ਵਿੱਚ ਆਉਂਦੇ ਕਿਸਾਨਾਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ। ਟਰਾਲੀਆਂ ਵਿਚੋਂ ਫ਼ਸਲ ਲਿਫ਼ਟ ਰਾਹੀਂ ਲਾਹੁਣ ਵਾਲੇ ਕਿਸਾਨਾਂ ਨੂੰ ਲੁਹਾਈ ਦਿੱਤੀ ਜਾਵੇ। ਇਸ ਮੌਕੇ ਰੈਲੀ ਨੂੰ ਸੁਰਜੀਤ ਸਿੰਘ ਹੈਪੀ ਕੋਟ ਧਰਮੂ, ਕੇਵਲ ਸਿੰਘ ਮਾਖਾ, ਸਵਰਨ ਸਿੰਘ ਬੋੜਾਵਾਲ, ਹਰਜਿੰਦਰ ਸਿੰਘ ਮਾਨਸ਼ਾਹੀਆ ਅਤੇ ਕਰਨੈਲ ਸਿੰਘ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੇ ਫ਼ਰਜ਼ ਮਨਜੀਤ ਸਿੰਘ ਉੱਲਕ ਨੇ ਨਿਭਾਏ ਅਤੇ ਰਾਜਿੰਦਰ ਸਿੰਘ ਜਵਾਹਰਕੇ ਨੇ ਇਕੱਤਰ ਹੋਏ ਆਗੂਆਂ ਦਾ ਧੰਨਵਾਦ ਕੀਤਾ।
INDIA ਨਰਮੇ ਦੇ ਪੂਰੇ ਭਾਅ ਲਈ ਕਿਸਾਨਾਂ ਨੇ ਲਾਈ ਵਾਹ