ਗੁਹਾਟੀ ਵਿੱਚ ਬੰਬ ਧਮਾਕਾ, ਔਰਤ ਸਣੇ ਚਾਰ ਜ਼ਖ਼ਮੀ

ਅਸਾਮ ਦੇ ਸ਼ਹਿਰ ਗੁਹਾਟੀ ਵਿੱਚ ਹੋਏ ਬੰਬ ਧਮਾਕੇ ਵਿੱਚ ਇੱਕ ਔਰਤ ਸਣੇ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਸੂਤਰਾਂ ਅਨੁਸਾਰ ਧਮਾਕਾ ਸੁਕਲੇਸ਼ਵਰ ਘਾਟ ਇਲਾਕੇ ਦੇ ਪਾਨ ਬਾਜ਼ਾਰ ਦੇ ਫੁੱਟਪਾਥ ’ਤੇ ਹੋਇਆ। ਘਟਨਾ ਸਥਾਨ ਉੱਤੇ ਪੁੱਜੇ ਡੀਜੀਪੀ ਕੁਲਾਧਰ ਸੈਕੀਆ ਅਨੁਸਾਰ ਧਮਾਕਾ 11:45 ਵਜੇ ਦੇ ਕਰੀਬ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਪਿੱਛੇ ਸਰਗਰਮ ਅਨਸਰਾਂ ਅਤੇ ਧਮਾਕੇ ਵਿੱਚ ਵਰਤੀ ਵਿਸਫੋਟਕ ਸਮੱਗਰੀ ਬਾਰੇ ਵੱਖ ਵੱਖ ਪਹਿਲੂਆਂ ਤੋਂ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਬੰਬ ਸਕੁਐਡ ਦੇ ਮਾਹਿਰ ਬੁਲਾਏ ਗਏ ਹਨ। ਧਮਾਕੇ ਦੌਰਾਨ ਘਟਨਾ ਸਥਾਨ ਦੇ ਕੋਲ ਦੀ ਗੁਜ਼ਰਦੀ ਇੱਕ ਬੱਸ ਦੇ ਸੀਸ਼ਿਆਂ ਉੱਤੇ ਜਾ ਕੇ ਵੱਜੇ ਮਲਬੇ ਕਾਰਨ ਬੱਸ ਵਿੱਚ ਸਵਾਰ ਚਾਰ ਮੁਸਾਫ਼ਰ ਜ਼ਖ਼ਮੀ ਹੋ ਗਏ। ਦਰਿਆ ਬ੍ਰਹਮਪੁੱਤਰ ਦੇ ਨਾਲ ਲੱਗਦੀ ਫੈਂਸੀ ਬਾਜ਼ਾਰ ਦੀ ਕੰਧ ਨਾਲ ਦੁਪਹਿਰ ਤੋਂ ਪਹਿਲਾਂ ਹੋਏ ਬੰਬ ਧਮਾਕੇ ਵਾਲੀ ਥਾਂ ਉੱਤੇ ਵੱਡਾ ਟੋਆ ਪੈ ਗਿਆ। ਬੰਬ ਧਮਾਕੇ ਦੇ ਜ਼ਖ਼ਮੀਆਂ ਦੀ ਪਛਾਣ ਕਲਪਾ, ਜਿਓਤੀ ਤਾਲੁਕਦਾਰ, ਸੰਕੂ ਕੁਮਾਰ ਦਾਸ, ਤੈਫਉਦਦੀਨ ਅਹਿਮਦ ਅਤੇ ਬਨਿਤੀਆ ਦਾਸ ਵਜੋਂ ਹੋਈ ਹੈ। ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਇਸ ਬੰਬ ਧਮਾਕੇ ਦੀ ਜ਼ਿੰਮੇਵਾਰੀ ਯੂਨਾਈਟਿਡ ਲਿਬਰੇਸ਼ਨ ਫਰੰਟ ਆਫ ਆਸਾਮ (ਉਲਫਾ-ਆਈ) ਦੇ ਮੁਖੀ ਪਾਰੇਸ਼ ਬਰੂਆ ਨੇ ਲਈ ਹੈ। ਸਥਾਨਕ ਟੀਵੀ ਚੈਨਲਾਂ ਅਨੁਸਾਰ ਬਰੂਆ ਨੇ ਫੋਨ ਕਰਕੇ ਬੰਬ ਧਮਾਕੇ ਦੀ ਜਿੰਮੇਵਾਰੀ ਲਈ ਹੈ। ਅਤਿਵਾਦੀ ਜਥਬੰਦੀ ਅਨੁਸਾਰ ਧਮਾਕਾ ਆਸਾਮ ਵਿੱਚ ਨੈਸ਼ਨਲ ਰਜਿਸਟਰ ਆਫ ਸਿਟੀਜਨਜ਼ ਨੂੰ ਲਾਗੂ ਕਰਨ ਦੇ ਵਿਰੋਧ ਵਿੱਚ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐੱਨਆਰਸੀ ਨੂੰ ਗੈਰ ਆਸਾਮੀਆਂ ਨੂੰ ਸੂਬੇ ਵਿੱਚ ਵਸਾਉਣ ਦੇ ਵਰਤਿਆ ਜਾਵੇਗਾ। ਡੀਜੀਪੀ ਅਨੁਸਾਰ ਤਿਉਹਾਰਾਂ ਦੇ ਮੱਦੇਨਜ਼ਰ ਪਹਿਲਾਂ ਹੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।