ਸ਼ਰਦ ਨੇ ਨਵੇਂ ਰਿਕਾਰਡ ਨਾਲ ਸੋਨ ਤਗ਼ਮਾ ਜਿੱਤਿਆ

ਮੌਜੂਦਾ ਚੈਂਪੀਅਨ ਸ਼ਰਦ ਕੁਮਾਰ ਨੇ ਪੁਰਸ਼ਾਂ ਦੀ ਉੱਚੀ ਛਾਲ ਮੁਕਾਬਲੇ ਵਿੱਚ ਅੱਜ ਏਸ਼ਿਆਈ ਪੈਰਾ ਖੇਡਾਂ ਵਿੱਚ ਦੋ ਨਵੇਂ ਰਿਕਾਰਡਾਂ ਨਾਲ ਸੋਨ ਤਗ਼ਮਾ ਜਿੱਤਿਆ ਹੈ। ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ 26 ਸਾਲ ਦੇ ਇਸ ਖਿਡਾਰੀ ਨੇ ਉੱਚੀ ਛਾਲ ਦੀ ਟੀ-42/63 ਵਰਗ ਵਿੱਚ 1.90 ਮੀਟਰ ਦੀ ਛਾਲ ਨਾਲ ਏਸ਼ੀਆ ਅਤੇ ਇਨ੍ਹਾਂ ਖੇਡਾਂ ਦਾ ਰਿਕਾਰਡ ਬਣਾਇਆ ਹੈ। ਟੀ42/63 ਵਰਗ ਪੈਰ ਦੇ ਹੇਠਲੇ ਹਿੱਸੇ ਦੀ ਅੰਗਹੀਣਤਾ ਨਾਲ ਜੁੜਿਆ ਹੈ। ਇਸ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਰੀਓ ਓਲੰਪਿਕ ਦੇ ਚਾਂਦੀ ਦਾ ਤਗ਼ਮਾ ਜੇਤੂ ਵਰੁਣ ਭਾਟੀ (1.82 ਮੀਟਰ), ਜਦਕਿ ਕਾਂਸੀ ਦਾ ਤਗ਼ਮਾ ਥੰਗਾਵੇਲੂ ਮਰੀਅੱਪਨ (1.67) ਨੇ ਜਿੱਤਿਆ। ਖ਼ਾਸ ਗੱਲ ਇਹ ਹੈ ਕਿ ਮਰੀਅੱਪਨ ਨੇ ਰੀਓ ਓਲੰਪਿਕ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਬਿਹਾਰ ਦਾ ਸ਼ਰਦ, ਜਦੋਂ ਦੋ ਸਾਲ ਦਾ ਸੀ, ਉਸ ਸਮੇਂ ਪੋਲੀਓ ਰੋਕੂ ਮੁਹਿੰਮ ਦੌਰਾਨ ਮਿਲਾਵਟੀ ਦਵਾਈ ਲੈਣ ਕਾਰਨ ਉਸ ਦੇ ਖੱਬੇ ਪੈਰ ਨੂੰ ਲਕਵਾ ਮਾਰ ਗਿਆ ਸੀ।
ਭਾਰਤ ਇਨ੍ਹਾਂ ਪੈਰਾ ਖੇਡਾਂ ਵਿੱਚ ਅਥਲੈਟਿਕਸ ਵਿੱਚ 30 ਤਗ਼ਮੇ (ਪੰਜ ਸੋਨੇ, 11 ਚਾਂਦੀ ਅਤੇ 14 ਕਾਂਸੀ) ਜਿੱਤ ਚੁੱਕਿਆ ਹੈ। ਭਾਰਤ ਦੇ ਇਨ੍ਹਾਂ ਖੇਡਾਂ ਵਿੱਚ ਹੁਣ ਤੱਕ ਅੱਠ ਸੋਨੇ, 17 ਚਾਂਦੀ ਅਤੇ 25 ਕਾਂਸੀ ਸਣੇ ਕੁੱਲ 50 ਤਗ਼ਮੇ ਹੋ ਗਏ ਹਨ। ਇਸ ਤੋਂ ਪਹਿਲਾਂ ਜੈਵਲਿਨ ਥਰੋਅ ਅਥਲੀਟ ਸੁੰਦਰ ਸਿੰਘ ਗੁਰਜਰ ਨੇ ਪੁਰਸ਼ਾਂ ਦੇ ਐਫ-46 ਵਰਗ ਵਿੱਚ ਅੱਜ ਚਾਂਦੀ ਦਾ ਤਗ਼ਮਾ ਜਿੱਤਿਆ, ਜਦਕਿ ਪੈਰਾਓਲੰਪਿਕ ਵਿੱਚ ਦੋ ਵਾਰ ਸੋਨ ਤਗ਼ਮਾ ਜੇਤੂ ਦੇਵੇਂਦਰ ਝਾਝਰੀਆ ਚੌਥੇ ਸਥਾਨ ’ਤੇ ਰਿਹਾ। ਇਸੇ ਮੁਕਾਬਲੇ ਵਿੱਚ ਰਿੰਕੂ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਟਰੈਕ ਅਤੇ ਫੀਲਡ ਦੇ ਹੋਰ ਮੁਕਾਬਲਿਆਂ ਵਿੱਚ ਵੀ ਭਾਰਤੀ ਖਿਡਾਰੀਆਂ ਨੇ ਤਗ਼ਮੇ ਹਾਸਲ ਕੀਤੇ। ਆਨੰਦਨ ਗੁਣਸੇਕਰਮ ਨੇ ਪੁਰਸ਼ਾਂ ਦੀ ਟੀ-44, 62/64 ਵਰਗ ਵਿੱਚ ਚਾਂਦੀ, ਜਦਕਿ ਵਿਨੈ ਕੁਮਾਰ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਇਸ ਮੁਕਾਬਲੇ ਦੇ ਟੀ-45/46/47 ਵਰਗ ਵਿੱਚ ਸੰਦੀਪ ਮਾਨ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਇਹ ਦੋਵੇਂ ਹੀ ਵਰਗ ਪੈਰ ਦੇ ਉਪਰਲੇ ਹਿੱਸੇ ਦੀ ਅਪੰਗਤਾ ਨਾਲ ਜੁੜੇ ਹਨ।
ਮਹਿਲਾਵਾਂ ਦੇ 400 ਮੀਟਰ ਦੇ ਟੀ-12 ਵਰਗ ਵਿੱਚ ਰਾਧਾ ਵੇਂਕਟੇਸ਼ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਤੈਰਾਕੀ ਵਿੱਚ ਭਾਰਤ ਦੇ ਸਵੱਪਨਿਲ ਪਾਟਿਲ ਪੁਰਸ਼ਾਂ ਦੇ 400 ਮੀਟਰ ਫਰੀ ਸਟਾਈਲ (ਐਸ10) ਵਿੱਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਐਸ10 ਵਰਗ ਵਿੱਚ ਅੱਖਾਂ ਦੀ ਰੌਸ਼ਨੀ ਤੋਂ ਪ੍ਰਭਾਵਿਤ ਖਿਡਾਰੀ ਹੁੰਦੇ ਹਨ।