ਹਵਾਈ ਅੱਡੇ ਦੀ ਕੰਧ ਨੇੜੇ ਨਾਜਾਇਜ਼ ਉਸਾਰੀਆਂ ’ਤੇ ਚੱਲਿਆ ਪ੍ਰਸ਼ਾਸਨ ਦਾ ਪੀਲਾ ਪੰਜਾ

ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਦੀ ਕੰਧ ਨਾਲ 100 ਮੀਟਰ ਦੇ ਘੇਰੇ ਵਿੱਚ ਬਣੀਆਂ ਨਾਜਾਇਜ਼ ਉਸਾਰੀਆਂ ਢਾਹੀਆਂ ਗਈਆਂ ਹਨ। ਇਸ ਸਬੰਧੀ ਇਸਤਰੀ ਅਕਾਲੀ ਦਲ ਦੀ ਸੀਨੀਅਰ ਮੀਤ ਪ੍ਰਧਾਨ ਸਤਵੰਤ ਕੌਰ ਜੌਹਲ ਨੇ ਗਮਾਡਾ ਟੀਮ ’ਤੇ ਪੱਖਪਾਤ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਵੋਟਾਂ ਦੀ ਰਾਜਨੀਤੀ ਦੇ ਚੱਲਦਿਆਂ ਹਵਾਈ ਅੱਡੇ ਦੇ ਰਣਵੇਅ ਨੇੜੇ ਵਸੀ ਨਾਜਾਇਜ਼ ਕਲੋਨੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ਸਭ ਤੋਂ ਵੱਧ ਖ਼ਤਰਾ ਇੱਧਰਲੇ ਪਾਸੇ ਹੈ। ਜਗਤਾਰ ਸਿੰਘ, ਕੁਲਵਿੰਦਰ ਸਿੰਘ, ਰੁਪਿੰਦਰ ਕੌਰ, ਕੁਲਵਿੰਦਰ ਕੌਰ, ਰਜਿੰਦਰ ਕੌਰ ਨੇ ਵੀ ਉਨ੍ਹਾਂ ਨਾਲ ਧੱਕਾ ਕਰਨ ਦਾ ਦੋਸ਼ ਲਾਇਆ ਹੈ। ਬੀਬੀ ਜੌਹਲ ਅਤੇ ਰਾਜਿੰਦਰ ਕੌਰ ਨੇ ਦੱਸਿਆ ਕਿ ਦੋ ਦਰਜਨ ਤੋਂ ਵੱਧ ਪੀੜਤ ਲੋਕਾਂ ਨੇ ਇਨਸਾਫ਼ ਪ੍ਰਾਪਤੀ ਲਈ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ ਹੋਇਆ ਹੈ ਅਤੇ ਇਸ ਕੇਸ ਦੀ ਅਗਲੀ ਸੁਣਵਾਈ 25 ਅਕਤੂਬਰ ਨੂੰ ਹੋਵੇਗੀ। ਇਸ ਤੋਂ ਪਹਿਲਾਂ ਹੀ ਗਮਾਡਾ ਨੇ ਉਨ੍ਹਾਂ ਦਾ ਪੱਖ ਸੁਣੇ ਬਿਨਾਂ ਉਸਾਰੀਆਂ ਢਾਹ ਦਿੱਤੀਆਂ ਹਨ। ਬੀਬੀ ਜੌਹਲ ਨੇ ਦੱਸਿਆ ਕਿ ਸਾਢੇ 4 ਏਕੜ ਜ਼ਮੀਨ ਵਿੱਚ ਸਹਾਇਕ ਧੰਦਿਆਂ ਨਾਲ ਸਬੰਧਤ ਗੰਡੋਇਆਂ ਦੀ ਖਾਦ ਬਣਾਉਂਦੇ ਹਨ। ਉਹ ਸਾਲ 2004 ਤੋਂ ਡੇਅਰੀ ਫਾਰਮਿੰਗ ਦਾ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਸਹਾਇਕ ਧੰਦਿਆਂ ਨੂੰ ਪ੍ਰਫੁੱਲਤ ਕਰਨ ਦੀ ਦੁਹਾਈ ਦੇ ਰਹੀ ਹੈ ਤੇ ਦੂਜੇ ਪਾਸੇ ਗਮਾਡਾ ਇਨ੍ਹਾਂ ਕਾਰੋਬਾਰ ਨੂੰ ਤਹਿਸ ਨਹਿਸ ਕਰਨ ’ਤੇ ਉਤਾਰੂ ਹੈ।