ਸੁਖਬੀਰ ਨੇ ਟਕਸਾਲੀ ਅਕਾਲੀਆਂ ਦੇ ਦਰਾਂ ’ਤੇ ਦਿੱਤੀ ਦਸਤਕ

ਸ਼੍ਰੋਮਣੀ ਅਕਾਲੀ ਦਲ ਦੀ ਮੰਝਧਾਰ ਵਿੱਚ ਫਸੀ ਬੇੜੀ ਨੂੰ ਕਿਨਾਰੇ ਲਗਾਉਣ ਲਈ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਿਥੇ ਹਰ ਪਾਸੇ ਹੱਥ ਪੈਰ ਮਾਰੇ ਜਾ ਰਹੇ ਹਨ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਅਕਾਲੀ ਆਗੂਆਂ ਨਾਲ ਵੀ ਸੰਪਰਕ ਕਾਇਮ ਕਰਕੇ ਉਨ੍ਹਾਂ ਦੇ ਗਿਲੇ ਸ਼ਿਕਵੇ ਦੂਰ ਕੀਤੇ ਜਾ ਰਹੇ ਹਨ ਤਾਂ ਜੁ ਪਾਰਟੀ ਵਿੱਚ ਪੈਦਾ ਹੋਏ ਮੌਜੂਦਾ ਸੰਕਟ ਦਾ ਹੱਲ ਕੱਢਿਆ ਜਾ ਸਕੇ। ਸ੍ਰੀ ਬਾਦਲ ਨੇ ਅੱਜ ਲੁਧਿਆਣਾ ਫੇਰੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਤੇ ਟਕਸਾਲੀ ਆਗੂਆਂ ਦੇ ਘਰੀਂ ਜਾ ਕੇ ਉਨ੍ਹਾਂ ਨਾਲ ਮੌਜੂਦਾ ਸੰਕਟ ਸਬੰਧੀ ਗੱਲਬਾਤ ਕਰਦਿਆਂ ਸਹਿਯੋਗ ਦੀ ਮੰਗ ਕੀਤੀ ਹੈ। ਸੁਖਬੀਰ ਬਾਦਲ ਲੁਧਿਆਣਾ ਫੇਰੀ ਦੌਰਾਨ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਰਿਹਾਇਸ਼ ’ਤੇ ਪੁੱਜੇ ਜਿੱਥੇ ਉਨ੍ਹਾਂ ਜਥੇਦਾਰ ਮੱਕੜ ਨਾਲ ਬੰਦ ਕਮਰਾ ਮੁਲਾਕਾਤ ਕੀਤੀ। ਇਸ ਸਮੇਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਦੋਹਾਂ ਆਗੂਆਂ ਨੇ ਪਿਛਲੇ ਸਮੇਂ ਦੌਰਾਨ ਵਾਪਰੇ ਘਟਨਾ ਚੱਕਰ ਬਾਰੇ ਗੱਲਬਾਤ ਕੀਤੀ। ਜਥੇਦਾਰ ਮੱਕੜ ਨੇ ਪਿਛਲੇ ਦਿਨੀਂ ਦਲ ਦੀ ਕਾਰਗੁਜ਼ਾਰੀ ਉੱਪਰ ਟੀਕਾ ਟਿੱਪਣੀ ਕਰਕੇ ਲੁਕਵੇਂ ਸ਼ਬਦਾਂ ਵਿੱਚ ਮੌਜੂਦਾ ਲੀਡਰਸ਼ਿਪ ਉੱਪਰ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਸਬੰਧੀ ਪ੍ਰੰਪਰਾ ਨੂੰ ਅੱਖੋਂ ਪਰੋਖੇ ਕਰਨ ਉਪਰ ਵੀ ਪ੍ਰਸ਼ਨ ਚਿੰਨ੍ਹ ਲਗਾਇਆ ਸੀ ਅਤੇ ਪੰਜਾਬ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸਮੇਂ ਹੋਈ ਬਹਿਸ ਵਿੱਚ ਵੀ ਅਕਾਲੀ ਦਲ ਦੀ ਗ਼ੈਰ ਹਾਜ਼ਰੀ ਦੀ ਤਿੱਖੀ ਆਲੋਚਨਾ ਕੀਤੀ ਸੀ। 10 ਮਿੰਟ ਦੇ ਕਰੀਬ ਚੱਲੀ ਇਸ ਮੀਟਿੰਗ ਦੌਰਾਨ ਦੋਹਾਂ ਆਗੂਆਂ ਨੇ ਪੁਰਾਣੇ ਗਿਲੇ ਸ਼ਿਕਵੇ ਦੂਰ ਕੀਤੇ। ਇਸ ਸਮੇਂ ਸੁਖਬੀਰ ਬਾਦਲ ਨੇ ਜੱਥੇਦਾਰ ਅਵਤਾਰ ਸਿੰਘ ਮੱਕੜ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦਾ ਪੂਰਾ ਸਤਿਕਾਰ ਕਰਦੇ ਹਨ। ਜਥੇਦਾਰ ਮੱਕੜ ਨੇ ਵੀ ਸਪੱਸ਼ਟ ਕੀਤਾ ਕਿ ਉਹ ਜਮਾਂਦਰੂ ਅਕਾਲੀ ਹਨ ਅਤੇ ਅੰਤ ਤੱਕ ਅਕਾਲੀ ਹੀ ਰਹਿਣਗੇ। ਸੁਖਬੀਰ ਬਾਦਲ ਨੇ ਮੌਜੂਦਾ ਪੈਦਾ ਹੋਏ ਧਾਰਮਿਕ ਸੰਕਟ ਸਬੰਧੀ ਵੀ ਗੱਲਬਾਤ ਕੀਤੀ। ਇਸ ਸਮੇਂ ਮਹੇਸ਼ਇੰਦਰ ਸਿੰਘ ਗਰੇਵਾਲ, ਚਰਨਜੀਤ ਸਿੰਘ ਅਟਵਾਲ, ਸ਼ਰਨਜੀਤ ਸਿੰਘ ਢਿੱਲੋਂ, ਇੰਦਰਇਕਬਾਲ ਸਿੰਘ ਅਟਵਾਲ, ਇੰਦਰਜੀਤ ਸਿੰਘ ਮੱਕੜ ਸਮੇਤ ਕਈ ਆਗੂ ਅਤੇ ਵਰਕਰ ਵੀ ਹਾਜ਼ਰ ਸਨ। ਸ੍ਰੀ ਬਾਦਲ ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦੀ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਰਿਹਾਇਸ਼ ’ਤੇ ਵੀ ਮੀਟਿੰਗ ਕੀਤੀ ਉਨ੍ਹਾਂ ਉੱਥੇ ਦੁਪਹਿਰ ਦਾ ਖਾਣਾ ਖਾਣ ਮਗਰੋਂ ਮੌਜੂਦਾ ਸਿਆਸੀ ਸੰਕਟ ਬਾਰੇ ਵਿਚਾਰ ਵਟਾਂਦਰਾ ਕੀਤਾ। ਸ੍ਰੀ ਬਾਦਲ ਜ਼ਿਲ੍ਹਾ ਅਕਾਲੀ ਜੱਥਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਜਥੇਦਾਰ ਹਰਭਜਨ ਸਿੰਘ ਡੰਗ ਦੇ ਗ੍ਰਹਿ ਵੀ ਗਏ। ਜਥੇਦਾਰ ਡੰਗ ਜੋ ਕਿ ਲਗਾਤਾਰ ਨਗਰ ਨਿਗਮ ਚੋਣਾਂ ਵਿੱਚ ਜਿੱਤਦੇ ਆ ਰਹੇ ਹਨ ਨਾਲ ਸ਼ਹਿਰ ਦੀ ਅਕਾਲੀ ਸਿਆਸਤ ਸਬੰਧੀ ਵਿਚਾਰ ਵਟਾਂਦਰਾ ਕੀਤਾ।