ਸ਼ਾਹਕੋਟ ਦਾ ਕਾਨੂੰਗੋ ਵੱਢੀ ਲੈਂਦਾ ਕਾਬੂ

ਵਿਜੀਲੈਂਸ ਦੀ ਟੀਮ ਨੇ ਇਕ ਕਾਨੂੰਗੋ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਐਸ.ਐਸ.ਪੀ. ਵਿਜੀਲੈਂਸ ਜਲੰਧਰ ਦਿਲਜਿੰਦਰ ਸਿੰਘ ਢਿਲੋ ਨੇ ਦੱਸਿਆ ਕਿ ਵਰਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਖਾਨਪੁਰ ਰਾਜਪੂਤਾ ਨੇ ਉਨ੍ਹਾਂ ਦੇ ਦਫ਼ਤਰ ਵਿਚ ਸ਼ਿਕਾਇਤ ਦਿੱਤੀ ਸੀ ਕਿ ਤਹਿਸੀਲ ਸ਼ਾਹਕੋਟ ਵਿੱਚ ਤਾਇਨਾਤ ਕਾਨੂੰਗੋ ਸਰੂਪ ਸਿੰਘ ਉਨ੍ਹਾਂ ਕੋਲੋਂ ਜ਼ਮੀਨ ਦਾ ਹਿੱਸਾ ਤਕਸੀਮ ਕਰਵਾਉਣ ਲਈ 10 ਹਜ਼ਾਰ ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਪਿੰਡ ਦਾਨੇਵਾਲ ਤਹਿਸੀਲ ਸ਼ਾਹਕੋਟ ’ਚ ਉਨ੍ਹਾਂ ਦੇ ਪਿਤਾ ਦੀ ਜ਼ਮੀਨ ਹੈ। 8 ਜੂਨ ਨੂੰ ਉਨ੍ਹਾਂ ਨੇ ਤਹਿਸੀਲਦਾਰ ਸ਼ਾਹਕੋਟ/ਕਮ ਸਹਾਇਕ ਕੁਲੈਕਟਰ ਮਨਦੀਪ ਸਿੰਘ ਮਾਨ ਕੋਲ ਆਪਣੇ ਹਿੱਸੇ ਦੀ ਜ਼ਮੀਨ ਤਕਸੀਮ ਕਰਵਾਉਣ ਲਈ ਦਰਖਾਸਤ ਦਿੱਤੀ ਸੀ। ਕਰੀਬ ਢੇਡ ਮਹੀਨੇ ਬਾਅਦ ਵੀ ਜਦੋਂ ਉਨ੍ਹਾਂ ਦਾ ਕੰਮ ਨਾ ਹੋਇਆ ਤਾਂ ਉਹ ਦੇਕਾਨੂੰਗੋ ਮਨਜੀਤ ਸਿੰਘ ਨੂੰ ਇਸ ਬਾਬਤ ਮਿਲੇ। ਉਕਤ ਕਾਨੂੰਗੋ ਨੇ ਕਿਹਾ ਕਿ ਉਨ੍ਹਾਂ ਦੀ ਬਦਲੀ ਹੋ ਗਈ ਹੈ। ਉਨ੍ਹਾਂ ਦੀ ਥਾਂ ’ਤੇ ਸਰੂਪ ਸਿੰਘ ਕਾਨੂੰਗੋ ਨਿਯੁਕਤ ਹੋ ਗਏ ਹਨ। ਜਦੋਂ ਉਸ ਨੇ ਕਾਨੂੰਗੋ ਸਰੂਪ ਸਿੰਘ ਨਾਲ ਇਸ ਬਾਬਤ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਦਾ ਕੰਮ ਬਹੁਤ ਵੱਡਾ ਹੈ। ਕੰਮ ਬਦਲੇ ਉਸਨੇ 10 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ। ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਕਾਨੂੰਗੋ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਕਾਨੂੰਗੋ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।