ਸਰਹੱਦ ’ਤੇ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਚਾਰ ਗੁਣਾ ਵਾਧਾ

ਇਸ ਸਾਲ ਜੰਮੂ ਵਿੱਚ ਕੌਮਾਂਤਰੀ ਸਰਹੱਦ ਦੇ ਲਾਗੇ ਬਿਨਾਂ ਕਿਸੇ ਭੜਕਾਹਟ ਤੋਂ ਗੋਲੀਬਾਰੀ ਦੀਆਂ ਘਟਨਾਵਾਂ ਪਿਛਲੇ ਸਾਲ ਦੇ ਮੁਕਾਬਲੇ ਚਾਰ ਗੁਣਾ ਵਧ ਗਈਆਂ ਹਨ ਤੇ ਪਿਛਲੇ ਪੰਜ ਸਾਲਾਂ ਦੌਰਾਨ ਇਹ ਅੰਕੜਾ ਸਭ ਤੋਂ ਜ਼ਿਆਦਾ ਹੈ।
ਤਾਜ਼ਾ ਅੰਕੜਿਆਂ ਮੁਤਾਬਕ ਇਸ ਸਾਲ ਬੀਐਸਐਫ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਜਿਸ ਦੇ 12 ਜਵਾਨਾਂ ਦੀ ਮੌਤ ਹੋਈ ਤੇ 40 ਜ਼ਖ਼ਮੀ ਹੋਏ ਹਨ। ਅੰਕੜੇ ਦਰਸਾਉਂਦੇ ਹਨ ਕਿ ਇਸ ਸਾਲ ਸਤੰਬਰ ਤੱਕ ਗੋਲੀਬਾਰੀ ਦੀਆਂ 498 ਘਟਨਾਵਾਂ ਹੋਈਆਂ ਹਨ ਜਦਿਕ ਪਿਛਲੇ ਸਾਲ ਸਰਹੱਦ ’ਤੇ 111 ਵਾਰ ਗੋਲੀਬਾਰੀ ਹੋਈ ਸੀ। ਉਸ ਤੋਂ ਪਹਿਲਾਂ 2016 ਵਿੱਚ 204, 2015 ਵਿੱਚ 350 ਤੇ 2014 ਵਿੱਚ 127 ਘਟਨਾਵਾਂ ਹੋਈਆਂ ਸਨ। ਇਸ ਸਾਲ ਸਾਲ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਬੀਐਸਐਫ ਦੇ 12 ਜਵਾਨ ਮਾਰੇ ਗਏ ਜਿਨ੍ਹਾਂ ਵਿੱਚ ਪਿਛਲੇ ਮਹੀਨੇ ਹੈੱਡ ਕਾਂਸਟੇਬਲ ਨਰਿੰਦਰ ਸਿੰਘ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਦੀ ਘਟਨਾ ਵੀ ਸ਼ਾਮਲ ਹੈ। ਇਨ੍ਹਾਂ ਤੋਂ ਇਲਾਵਾ 40 ਜਵਾਨਾਂ ਦੇ ਜ਼ਖ਼ਮੀ ਹੋਣ ਦੀ ਸੰਖਿਆ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਹੈ।
ਪਿਛਲੇ ਸਾਲ ਬੀਐਸਐਫ ਦੇ ਦੋ ਜਵਾਨ ਮਾਰੇ ਗਏ ਸਨ ਤੇ ਸੱਤ ਜ਼ਖ਼ਮੀ ਹੋਏ ਸਨ ਜਦਕਿ 2014 ਦੌਰਾਨ ਦੋ ਜਵਾਨ ਮਾਰੇ ਗਏ ਤੇ 14 ਜ਼ਖ਼ਮੀ ਹੋਏ ਸਨ।ਫੋਰਸ ਦੇ ਇਕ ਸੀਨੀਅਰ ਅਫ਼ਸਰ ਨੇ ਦੱਸਿਆ ਕਿ ਹਾਲੀਆ ਘਟਨਾਵਾਂ ਦੇ ਮੱਦੇਨਜ਼ਰ ਕੌਮਾਂਤਰੀ ਸਰਹੱਦ ’ਤੇ ਮੂਹਰਲੀਆਂ ਚੌਕੀਆਂ ’ਤੇ ਤਾਇਨਾਤ ਜਵਾਨਾਂ ਨੂੰ ਹੋਰ ਜ਼ਿਆਦਾ ਮੁਸਤੈਦ ਰਹਿਣ ਲਈ ਕਿਹਾ ਗਿਆ ਹੈ। ਦੋਵਾਂ ਦੇਸ਼ਾਂ ਤੇ ਸੁਰੱਖਿਆ ਦਸਤਿਆਂ ਦਰਮਿਆਨ ਸਬੰਧ ਕੁਝ ਸਮੇਂ ਤੋਂ ਤਣਾਅਪੂਰਨ ਬਣੇ ਹੋਏ ਹਨ। ਇਸ ਕਰ ਕੇ ਹਮਲੇ ਤੇਜ਼ ਹੋਣ ਦਾ ਖਦਸ਼ਾ ਹੈ। ਬੀਐਸਐਫ ਦੇ ਸਾਬਕਾ ਡੀਜੀ ਕੇ ਕੇ ਸ਼ਰਮਾ ਨੇ ਪਿਛਲੇ ਹਫ਼ਤੇ ਆਪਣੀ ਸੇਵਾਮੁਕਤੀ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਅਹੁਦਾ ਸੰਭਾਲਣ ਤੋਂ ਬਾਅਦ ਪਾਕਿਸਤਾਨੀ ਦਸਤਿਆਂ ਵੱਲੋਂ ਤਿੱਖਾ ਰੁਖ਼ ਅਖਤਿਆਰ ਕੀਤਾ ਜਾ ਸਕਦਾ ਹੈ।