ਕਾਂਗਰਸ ਨੇ ਧੱਕੇਸ਼ਾਹੀਆਂ ਦੀ ਨਵੀਂ ਪਿਰਤ ਪਾਈ: ਬਾਦਲ

ਕਾਂਗਰਸ ਨੇ ਸਥਾਨਕ ਪੱਧਰ ਦੀਆਂ ਚੋਣਾਂ ਦੌਰਾਨ ਕਈ ਸਾਲ ਪਹਿਲਾਂ ਬੂਥਾਂ ’ਤੇ ਕਬਜ਼ੇ ਕਰਨ ਦੀ ਸ਼ੁਰੂਆਤ ਕੀਤੀ ਸੀ ਅਤੇ ਇਸ ਵਾਰ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਦੌਰਾਨ ਗਿਣਤੀ ਕੇਂਦਰਾਂ ’ਤੇ ਕਬਜ਼ੇ ਕਰਨ ਦੀ ਨਵੀਂ ਪਿਰਤ ਪਾਈ ਹੈ।
ਇਹ ਗੱਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਹੀਆਂ। ਉਹ 7 ਅਕਤੂਬਰ ਨੂੰ ਪਟਿਆਲਾ ਵਿਚ ਕੀਤੀ ਜਾ ਰੈਲੀ ਦੀ ਤਿਆਰੀ ਸਬੰਧੀ ਅੱਜ ਸਨੌਰ ਦੇ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਦੀ ਅਗਵਾਈ ਹੇਠ ਸਨੌਰ ਵਿਚ ਪਾਰਟੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਨਾਸ਼ਾਹ ਬਣ ਗਏ ਹਨ ਅਤੇ ਐਮਰਜੈਂਸੀ ਵਰਗੇ ਹਾਲਾਤ ਪੈਦਾ ਕਰਕੇ ਲੋਕਾਂ ਤੋਂ ਵੋਟ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ ਅਤੇ ਵਿਰੋਧ ਕਰਨ ਵਾਲ਼ਿਆਂ ਖ਼ਿਲਾਫ਼ ਕੇਸ ਦਰਜ ਕੀਤੇ ਜਾ ਰਹੇ ਹਨ। ਸ੍ਰੀ ਬਾਦਲ ਨੇ ਕਿਹਾ ਕਿ ਰੈਲੀ ਵਿਚ ਲੱਖਾਂ ਲੋਕ ਸ਼ਿਰਕਤ ਕਰਨਗੇ ਤੇ ਮੋਤੀ ਮਹਿਲ ਦੀਆਂ ਕੰਧਾਂ ਹਿਲਾਉਣ ਸਮੇਤ ਕਾਂਗਰਸੀਆਂ ਅਤੇ ਬਰਗਾੜੀ ਵਿਚ ਬੈਠੇ ਕਥਿਤ ਕਾਂਗਰਸੀ ਏਜੰਟਾਂ ਦੀ ਪੋਲ ਖੋਲ੍ਹਣਗੇ। ਉਨ੍ਹਾਂ ਕਿਹਾ ਕਿ ਜਬਰ ਤੇ ਜ਼ੁਲਮ ਖ਼ਿਲਾਫ਼ ਸੱੱਤਰ ਸਾਲਾਂ ਤੋਂ ਜਾਰੀ ਜੰਗ ਆਖਰੀ ਸਾਹ ਤੱਕ ਜਾਰੀ ਰਹੇਗੀ। ਚੰਡੀਗੜ੍ਹ ਨਾਲ ਸਬੰਧਤ ਮਾਮਲਿਆਂ ਬਾਰੇ ਕੋਰ ਕਮੇਟੀ ਦੀ ਮੀਟਿੰਗ ਜਲਦੀ ਸੱਦਾਂਗੇ। ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਕਾਂਗਰਸ ਦੀ ਧੱਕੇਸ਼ਾਹੀ ਸਹਿਣ ਨਹੀਂ ਹੋਵੇਗੀ। ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਪਟਿਆਲਾ ਰੈਲੀ ਵਿਚ ਹਲਕਾ ਸਨੌਰ ਵਿਚੋਂ ਸਭ ਤੋਂ ਵੱਧ ਲੋਕਾਂ ਦੇ ਸ਼ਿਰਕਤ ਕਰਨ ਦੀ ਗੱਲ ਆਖੀ।
ਇਸ ਮੌਕੇ ਬਲਵਿੰਦਰ ਕੌਰ ਚੀਮਾ, ਹਰਿੰਦਰ ਕੋਹਲੀ, ਨਰਿੰਦਰ ਨਾਗਪਾਲ, ਹਰਵਿੰਦਰ ਹਰਪਾਲਪੁਰ, ਜਗਜੀਤ ਸਿੰਘ ਕੋਹਲੀ, ਜਰਨੈਲ ਸਿੰਘ ਕਰਤਾਰਪੁਰ, ਜਸਮੇਰ ਸਿੰਘ ਲਾਛੜੂ, ਬਲਬੀਰ ਕੌਰ ਘੁੰਮਣ, ਗੁਰਜੰਟ ਨੂਰਖੇੜੀਆਂ, ਅਮਰਿੰਦਰ ਬਜਾਜ, ਭੋਲਾ ਸਿੰਘ ਈਸ਼ਰਹੇੜੀ ਆਦਿ ਹਾਜ਼ਰ ਸਨ।