ਕੈਂਟਰ ’ਚੋਂ ਸ਼ਰਾਬ ਦੀਆਂ 468 ਪੇਟੀਆਂ ਬਰਾਮਦ

ਸਤਨਾਮਪੁਰਾ ਪੁਲੀਸ ਨੇ ਇੱਕ ਕੈਂਟਰ ’ਚੋਂ 468 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ। ਇਸ ਦੌਰਾਨ ਸਤਨਾਮਪੁਰਾ ਦੇ ਐੱਸਐੱਚਓ ਨੂੰ ਇਕ ਲੱਖ ਰੁਪਏ ਦੀ ਰਿਸ਼ਵਤ ਦੇਣ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ ਹੈ।
ਐੱਸਪੀ ਮਨਦੀਪ ਸਿੰਘ ਤੇ ਏਐੱਸਪੀ ਸੰਦੀਪ ਮਲਿਕ ਨੇ ਪ੍ਰੈੱਸ ਕਾਨਫ਼ਰੰਸ ’ਚ ਦੱਸਿਆ ਕਿ ਰਾਜਪੁਰਾ ਤੋਂ ਇਸ ਖੇਤਰ ਵਿਚ ਵੇਚਣ ਲਈ ਲਿਆਂਦੀ ਸ਼ਰਾਬ ਦੀ ਗੱਡੀ ਸਤਨਾਮਪੁਰਾ ਇਲਾਕੇ ’ਚ ਐੱਸਐੱਚਓ ਸੁਰਜੀਤ ਸਿੰਘ ਪੱਤੜ ਨੇ ਕਾਬੂ ਕਰ ਲਈ। ਇਸ ’ਚੋਂ 468 ਪੇਟੀਆਂ ਸ਼ਰਾਬ ਬਰਾਮਦ ਹੋਈ। ਪੁਲੀਸ ਨੇ ਗੱਡੀ ਚਾਲਕ ਦਿਲਜੋਤ ਸਿੰਘ ਉਰਫ਼ ਜੋਤੀ ਵਾਸੀ ਨੰਗਲ ਫ਼ਿਦਾ ਭੋਗਪੁਰ (ਜਲੰਧਰ) ਹਾਲ ਵਾਸੀ ਧੱਕਾ ਕਾਲੋਨੀ ਫਿਲੌਰ (ਜਲੰਧਰ) ਨੂੰ ਕਾਬੂ ਕਰ ਲਿਆ ਹੈ। ਇਸੇ ਦੌਰਾਨ ਇੱਕ ਕਰੇਟਾ ਕਾਰ ਨੰਬਰ ਪੀ.ਬੀ.10.ਐਫ਼.ਵਾਈ. 3716 ਆ ਕੇ ਮੌਕੇ ’ਤੇ ਰੁਕੀ ਜਿਸ ਵਿੱਚੋਂ ਉੱਤਰ ਕੇ ਆਏ ਇੱਕ ਨੌਜਵਾਨ ਰਮਨਦੀਪ ਸਿੰਘ ਪੁੱਤਰ ਜੋਰਾ ਸਿੰਘ ਵਾਸੀ 106/39 ਏ ਅਰਬਨ ਅਸਟੇਟ ਲੁਧਿਆਣਾ ਨੇ ਐਸ.ਐਚ.ਓ ਸੁਰਜੀਤ ਸਿੰਘ ਪੱਤੜ ਨੂੰ ਫੜ੍ਹੀ ਗਈ ਸ਼ਰਾਬ ਦੀ ਰਿਕਵਰੀ ਘੱਟ ਦਿਖਾਉਣ ਲਈ ਇੱਕ ਲੱਖ ਰੁਪਏ ਰਿਸ਼ਵਤ ਵੱਜੋਂ ਦੇਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਇਸ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮਨਦੀਪ ਸਿੰਘ ਉਰਫ਼ ਮੰਨਾ ਟਰਾਂਸਪੋਰਟਰ ਚੀਮਾ ਚੌਂਕ ਲੁਧਿਆਣਾ ਅਤੇ ਇੱਕ ਹੋਰ ਸਾਥੀ ਜਸਪ੍ਰੀਤ ਸਿੰਘ ਦੇ ਖਿਲਾਫ਼ ਵੀ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ। ਐਸ.ਪੀ. ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ। ਐਸ.ਐਚ.ਓ ਸੁਰਜੀਤ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਅਦਾਲਤ ’ਚ ਕੱਲ੍ਹ ਪੇਸ਼ ਕੀਤਾ ਜਾਵੇਗਾ।