ਐਡਵਾਂਸ ਬੰਨ੍ਹ ’ਚ ਪਿਆ ਪਾੜ ਲੋਕਾਂ ਨੇ ਪੂਰਿਆ

ਮੰਡ ਇਲਾਕੇ ’ਚ ਧੁੱਸੀ ਬੰਨ੍ਹਾਂ ਦੇ ਅੰਦਰ ਆਉਂਦੇ ਐਡਵਾਂਸ ਬੰਨ੍ਹ ’ਚ ਆਹਲੀ ਕਲਾਂ ਪਿੰਡ ਨੇੜੇ ਲੰਘੀ ਰਾਤ 20 ਫੁੱਟ ਤੋਂ ਵੱਧ ਪਾੜ ਪੈ ਗਿਆ ਹੈ। ਇਲਾਕੇ ਦੇ ਲੋਕਾਂ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਕੀਤੇ ਗਏ ਯਤਨਾਂ ਨਾਲ 9 ਘੰਟਿਆਂ ’ਚ ਵਗਦੇ ਪਾਣੀ ਨੂੰ ਬੋਰਿਆਂ ਨਾਲ ਮੁੜ ਬੰਨ੍ਹ ਲਾ ਦਿੱਤਾ। ਬੰਨ੍ਹ ਲੱਗਣ ਨਾਲ 30-35 ਪਿੰਡਾਂ ਦੀ ਲਗਭਗ 15 ਤੋਂ 20 ਹਜ਼ਾਰ ਏਕੜ ਪੱਕਣ ’ਤੇ ਆਈ ਝੋਨੇ ਦੀ ਫਸਲ ਦਾ ਬਚਾਅ ਹੋ ਗਿਆ। ਪਿੰਡ ਦੇ ਕਿਸਾਨ ਰਣਜੀਤ ਸਿੰਘ ਨੇ ਦੱਸਿਆ ਕਿ ਲੰਘੀ ਰਾਤ 8-9 ਵਜੇ ਦੇ ਕਰੀਬ ਬੰਨ੍ਹ ਨੂੰ ਪਾੜ ਪੈ ਗਿਆ ਸੀ। ਜੋ ਸਵੇਰ ਤੱਕ ਹੋਰ ਵੀ ਚੌੜਾ ਹੋ ਗਿਆ। ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਲੋਕਾਂ ਵੱਲੋਂ ਕੀਤੇ ਗਏ ਅਣਥੱਕ ਯਤਨਾਂ ਨਾਲ ਪਾੜ ਨੂੰ ਬੰਨ੍ਹ ਲਾ ਦਿੱਤਾ ਗਿਆ। ਮਿੱਟੀ ਦੇ ਭਰੇ ਬੋਰਿਆਂ ਨੂੰ ਲੋਹੇ ਦੀਆਂ ਤਾਰਾਂ ਨਾਲ ਕਰੇਟ ਬਣਾਏ ਗਏ ਤਾਂ ਜੋ ਪਾਣੀ ਦੇ ਤੇਜ਼ ਵਹਾਅ ਵਿਚ ਉਹ ਟਿਕ ਸਕਣ। ਲੋਕਾਂ ਵੱਲੋਂ ਲਗਾਤਾਰ ਕੀਤੀ ਗਈ ਮਿਹਨਤ ਸਦਕਾ ਇਹ ਬੰਨ੍ਹ 9 ਘੰਟਿਆਂ ਦੇ ਅੰਦਰ ਬੱਝਣ ਨਾਲ ਵੱਡੀ ਪੱਧਰ ’ਤੇ ਝੋਨੇ ਦੀ ਫਸਲ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸੇ ਦੌਰਾਨ ਲੰਗਰ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਜਰਨੈਲ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਪਿੰਡਾਂ ਦੇ ਲੋਕ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਆਹਲੀਵਾਲ ਤੋਂ ਲੈ ਕੇ ਕਰਮੂਵਾਲ ਪੱਤਣ ਤੱਕ ਲੱਗੇ 45 ਕਿਲੋਮੀਟਰ ਦੇ ਲੰਬੇ ਇਸ ਐਡਵਾਂਸ ਬੰਨ੍ਹ ਨੂੰ ਬਣਾਇਆਂ ਦਸ ਸਾਲ ਹੋ ਗਏ ਹਨ। ਇਹ ਬੰਨ੍ਹਣ ਲੱਗਣ ਨਾਲ ਇਸ ਖਿੱਤੇ ਦੇ ਲਗਭਗ 60 ਤੋਂ 70 ਹਜ਼ਾਰ ਏਕੜ ਫਸਲ ਦਾ ਬਚਾਅ ਹੋਣ ਲੱਗ ਪਿਆ ਹੈ। ਇਸ ਤੋਂ ਪਹਿਲਾਂ ਵੀ ਇਹ ਬੰਨ੍ਹ ਦੋ ਵਾਰ ਟੁੱਟਿਆ ਸੀ। ਜਿਸ ਨੂੰ ਸਮੇਂ ਸਿਰ ਬੰਨ੍ਹਣ ਨਾਲ ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਸੀ।