ਕਸ਼ਮੀਰ ਵਿੱਚ ਤਿੰਨ ਪੁਲੀਸ ਮੁਲਾਜ਼ਮਾਂ ਦੀ ਅਗਵਾ ਕਰਕੇ ਹੱਤਿਆ

ਸ੍ਰੀਨਗਰ- ਦਹਿਸ਼ਤੀ ਜਥੇਬੰਦੀ ਹਿਜ਼ਬੁਲ ਮੁਜਾਹਿਦੀਨ ਨੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ’ਚ ਤਿੰਨ ਪੁਲੀਸ ਮੁਲਾਜ਼ਮਾਂ ਨੂੰ ਅੱਜ ਉਨ੍ਹਾਂ ਦੇ ਘਰਾਂ ’ਚੋਂ ਅਗਵਾ ਕਰਨ ਮਗਰੋਂ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਨ੍ਹਾਂ ਹੱਤਿਆਵਾਂ ਨਾਲ ਜੰਮੂ ਕਸ਼ਮੀਰ ਵਿੱਚ ਅਤਿਵਾਦ ਦੇ ਤਿੰਨ ਦਹਾਕਿਆਂ ਦੇ ਅਧਿਆਏ ’ਚ ਇਕ ਨਵਾਂ ਸਫ਼ਾ ਖੁੱਲ੍ਹ ਗਿਆ ਹੈ। ਉਧਰ ਇਸ ਘਟਨਾ ਮਗਰੋਂ 1.2 ਲੱਖ ਦੀ ਨਫ਼ਰੀ ਵਾਲੇ ਜੰਮੂ ਕਸ਼ਮੀਰ ਪੁਲੀਸ ਬਲ ਨੂੰ ਛੇ ਵਿਸ਼ੇਸ਼ ਪੁਲੀਸ ਅਧਿਕਾਰੀਆਂ (ਐਸਪੀਓ’ਜ਼) ਵੱਲੋਂ ਸੋਸ਼ਲ ਮੀਡੀਆ ਜ਼ਰੀਏ ਦਿੱਤੇ ਅਸਤੀਫ਼ਿਆਂ ਦੇ ਐਲਾਨ ਨਾਲ ਤਕੜਾ ਝਟਕਾ ਲੱਗਾ ਹੈ। ਪੀੜਤ ਪੁਲੀਸ ਮੁਲਾਜ਼ਮਾਂ ਦੀ ਪਛਾਣ ਕਾਂਸਟੇਬਲ ਨਿਸਾਰ ਅਹਿਮਦ ਅਤੇ ਵਿਸ਼ੇਸ਼ ਪੁਲੀਸ ਅਧਿਕਾਰੀਆਂ ਦੀ ਫਿਰਦੌਸ ਅਹਿਮਦ ਤੇ ਕੁਲਵੰਤ ਸਿੰਘ ਵਜੋਂ ਹੋਈ ਹੈ। ਇਨ੍ਹਾਂ ਦੀਆਂ ਲਾਸ਼ਾਂ ਦਰਿਆ ਨੇੜਲੇ ਸੇਬਾਂ ਦੇ ਬਾਗ਼ ’ਚੋਂ ਬਰਾਮਦ ਹੋਈਆਂ ਹਨ। ਇਸ ਦੌਰਾਨ ਹਿਜ਼ਬੁਲ ਮੁਜਾਹਿਦੀਨ ਨੇ ਵੀਡੀਓ ਜਾਰੀ ਕਰਕੇ ਐਸਪੀਓ’ਜ਼ ਵਜੋਂ ਕੰਮ ਕਰਦੇ ਕਸ਼ਮੀਰ ਨਾਲ ਸਬੰਧਤ ਸਾਰੇ ਬਾਸ਼ਿੰਦਿਆਂ ਨੂੰ ਆਪੋ ਆਪਣੇ ਅਸਤੀਫ਼ੇ ਦੇਣ ਦੀ ਚਿਤਾਵਨੀ ਦਿੱਤੀ ਹੈ। ਇਸ ਦੌਰਾਨ ਪੁਲੀਸ ਤੇ ਸਲਾਮਤੀ ਦਸਤਿਆਂ ਨੇ ਅੱਜ ਵਾਦੀ ਵਿੱਚ ਹੋਏ ਮੁਕਾਬਲੇ ਵਿੱਚ ਲਸ਼ਕਰ-ਏ-ਤੋਇਬਾ ਦੇ ਪੰਜ ਦਹਿਸ਼ਤਗਰਦਾਂ ਸਮੇਤ ਛੇ ਅਤਿਵਾਦੀਆਂ ਨੂੰ ਮਾਰ ਮੁਕਾਇਆ।
ਆਈਜੀਪੀ (ਕਸ਼ਮੀਰ ਰੇਂਜ) ਸਵਯਮ ਪ੍ਰਕਾਸ਼ ਪਾਨੀ ਨੇ ਅਗਵਾ ਤੇ ਮਗਰੋਂ ਕਤਲ ਦੀ ਇਸ ਘਟਨਾ ਨੂੰ ਬੁਜ਼ਦਿਲਾਨਾ ਕਾਰਵਾਈ ਕਰਾਰ ਦਿੰਦਿਆਂ ਕਿਹਾ, ‘‘ਸਲਾਮੀ ਦਸਤਿਆਂ ਵੱਲੋਂ ਸ਼ਿਕੰਜਾ ਕੱਸੇ ਜਾਣ ਕਰਕੇ ਦਹਿਸ਼ਤਗਰਦ ਕਾਫ਼ੀ ਮਾਯੂਸ ਸਨ। ਇਸ ਵਹਿਸ਼ੀ ਦਹਿਸ਼ਤੀ ਹਮਲੇ ਵਿੱਚ ਅਸੀਂ ਆਪਣੇ ਤਿੰਨ ਬਹਾਦਰ ਸਾਥੀ ਗੁਆ ਲਏ ਹਨ। ਅਸੀਂ ਇਨ੍ਹਾਂ ਤਿੰਨਾਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ। ਅਸੀਂ ਜਲਦੀ ਹੀ ਸਾਰੇ ਮੁਲਜ਼ਮਾਂ ਨੂੰ ਬਣਦੀਆਂ ਸਜ਼ਾਵਾਂ ਦਿਵਾਵਾਂਗੇ।’’ ਪੁਲੀਸ ਮੁਲਾਜ਼ਮਾਂ ਨੇ ਸ਼ੋਪੀਆਂ ਦੀ ਜ਼ਿਲ੍ਹਾ ਪੁਲੀਸ ਲਾਈਨ ਵਿੱਚ ਸ਼ਹੀਦ ਪੁਲੀਸ ਮੁਲਾਜ਼ਮਾਂ ਦੇ ਤਾਬੂਤਾਂ ’ਤੇ ਫੁੱਲ ਮਾਲਾਵਾਂ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਨ੍ਹਾਂ ਤਿੰਨ ਪੁਲੀਸ ਮੁਲਾਜ਼ਮਾਂ ਨੂੰ ਅੱਜ ਤੜਕੇ ਪਿੰਡ ਬਾਟਾਗੁੰਡ ਤੇ ਕੈਪਰਾਂ ਸਥਿਤ ਉਨ੍ਹਾਂ ਦੇ ਘਰਾਂ ’ਚੋਂ ਅਗਵਾ ਕੀਤਾ ਗਿਆ ਸੀ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਬਾਟਾਗੁੰਡ ਪਿੰਡ ਦੇ ਕੁਝ ਬਾਸ਼ਿੰਦੇ ਦਹਿਸ਼ਤਗਰਦਾਂ ਦੇ ਪਿੱਛੇ ਗਏ ਤੇ ਉਨ੍ਹਾਂ ਇਨ੍ਹਾਂ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ, ਪਰ ਅਗਵਾਕਾਰਾਂ ਨੇ ਹਵਾ ਵਿੱਚ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਧਮਕਾਉਂਦਿਆਂ ਭਜਾ ਦਿੱਤਾ। ਅਧਿਕਾਰੀ ਨੇ ਕਿਹਾ ਕਿ ਦਹਿਸ਼ਤਗਰਦਾਂ ਨੇ ਖੇਤਰ ਵਿਚਲੇ ਦਰਿਆ ਨੂੰ ਪਾਰ ਕਰਨ ਮਗਰੋਂ ਤਿੰਨੇ ਪੁਲੀਸ ਮੁਲਾਜ਼ਮਾਂ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ।ਇਸ ਦੌਰਾਨ ਹਿਜ਼ਬੁਲ ਮੁਜਾਹਿਦੀਨ ਨੇ ਆਪਣੇ ਟਵਿੱਟਰ ਹੈਂਡਲ ਤੋਂ ਜਾਰੀ ਕੀਤੀ ਪੋਸਟ ਵਿੱਚ ਇਨ੍ਹਾਂ ਹੱਤਿਆਵਾਂ ਦੀ ਜ਼ਿੰਮੇਵਾਰੀ ਲਈ ਹੈ। ਉਧਰ ਸੁਰੱਖਿਆ ਏਜੰਸੀਆਂ ਨੂੰ ਵੀ ਇਸ ਘਟਨਾ ਪਿੱਛੇ ਹਿਜ਼ਬੁਲ ਦਹਿਸ਼ਤਗਰਦਾਂ ਦਾ ਹੱਥ ਹੋਣ ਦਾ ਯਕੀਨ ਹੈ। ਇਨ੍ਹਾਂ ਹੱਤਿਆਵਾਂ ਮਗਰੋਂ ਦਹਿਸ਼ਤ ਵਿੱਚ ਆਏ ਹੇਠਲੇ ਰੈਂਕ ਵਾਲੇ ਘੱਟੋ ਘੱਟ ਵੀਹ ਪੁਲੀਸ ਮੁਲਾਜ਼ਮਾਂ ਨੇ ਅਸਤੀਫ਼ੇ ਦੇਣ ਦਾ ਐਲਾਨ ਕਰ ਦਿੱਤਾ। ਇਨ੍ਹਾਂ ਵਿੱਚੋਂ ਦੋ ਪੁਲੀਸ ਮੁਲਾਜ਼ਮਾਂ ਨੇ ਤਾਂ ਵੀਡੀਓ ਸੁਨੇਹਾ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪੁਲੀਸ ਮਹਿਕਮੇ ਨਾਲ ਕੋਈ ਸਬੰਧ ਨਹੀਂ। ਸੋਸ਼ਲ ਮੀਡੀਆ ’ਤੇ ਸਰਕੁਲੇਟ ਹੋਈ ਇਕ ਵੀਡੀਓ ’ਚ ਪੁਲੀਸ ਮੁਲਾਜ਼ਮ ਨੇ ਕਿਹਾ, ‘‘ਮੇਰਾ ਨਾਮ ਇਰਸ਼ਾਦ ਅਹਿਮਦ ਬਾਬਾ ਹੈ ਤੇ ਮੈਂ ਪੁਲੀਸ ਮਹਿਕਮੇ ’ਚ ਕਾਂਸਟੇਬਲ ਹਾਂ। ਮੈਂ ਮਹਿਕਮੇ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ।’ ਐਸਪੀਓ ਤਾਜਾਲਾ ਹੁਸੈਨ ਲੋਨ ਨੇ ਕਿਹਾ ਕਿ ਉਸ ਨੇ 17 ਸਤੰਬਰ ਨੂੰ ਹੀ ਪੁਲੀਸ ਵਿਭਾਗ ਤੋਂ ਅਸਤੀਫ਼ਾ ਦੇ ਦਿੱਤਾ ਸੀ ਤੇ ਉਹ ਵੀਡੀਓ ਇਸ ਲਈ ਜਾਰੀ ਕਰ ਰਿਹਾ ਹੈ ਤਾਂ ਕਿ ਕਿਸੇ ਨੂੰ ਕੋਈ ਸ਼ੱਕ ਸ਼ੁਬ੍ਹਾ ਨਾ ਰਹੇ। ਪੁਲੀਸ ਮਹਿਕਮੇ ਨੇ ਇਨ੍ਹਾਂ ਅਸਤੀਫ਼ਿਆਂ ਬਾਰੇ ਕੋਈ ਟਿੱਪਣੀ ਕਰਨ ਤੋਂ ਇਹ ਕਹਿੰਦਿਆਂ ਨਾਂਹ ਕਰ ਦਿੱਤੀ ਕਿ ਉਹ ਇਸ ਸੂਚਨਾ ਦੀ ਪੁਸ਼ਟੀ ਮਗਰੋਂ ਹੀ ਕੁਝ ਕਹੇਗਾ। ਚੇਤੇ ਰਹੇ ਕਿ ਹਿਜ਼ਬੁਲ ਮੁਜ਼ਾਹਿਦੀਨ ਦੇ ਕਮਾਂਡਰ ਰਿਆਜ਼ ਨਾਇਕੂ ਨੇ ਮੁਕਾਮੀ ਪੁਲੀਸ ਮੁਲਾਜ਼ਮਾਂ ਖਾਸ ਕਰਕੇ ਐਸਪੀਓ’ਜ਼ ਨੂੰ ਪੁਲੀਸ ਮਹਿਕਮੇ ਤੋਂ ਅਸਤੀਫ਼ੇ ਦੇਣ ਦੀ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਸਰਕਾਰ ਉਨ੍ਹਾਂ ਦਾ ਇਸਤੇਮਾਲ ਕਰ ਰਹੀ ਹੈ। ਇਸ ਦੌਰਾਨ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਤੇ ਪੀਡੀਪੀ ਆਗੂ ਮਹਿਬੂਬਾ ਮੁਫ਼ਤੀ ਨੇ ਇਕ ਟਵੀਟ ’ਚ ਇਨ੍ਹਾਂ ਹੱਤਿਆਵਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀ ਮਜ਼ਬੂਤ ਨੀਤੀਆਂ ਕਾਰਗਰ ਸਾਬਤ ਨਹੀਂ ਹੋ ਰਹੀਆਂ। ਉਨ੍ਹਾਂ ਕਿਹਾ ਕਿ ਸੰਵਾਦ, ਜੋ ਅੱਗੇ ਵੱਧਣ ਦਾ ਇਕੋ ਇਕ ਜ਼ਰੀਆ ਸੀ, ਹੁਣ ਸੁਪਨਾ ਲੱਗਣ ਲੱਗਾ ਹੈ।
ਇਸ ਦੌਰਾਨ ਪੁਲੀਸ ਨੇ ਜੰਮੂ ਤੇ ਕਸ਼ਮੀਰ ਵਿੱਚ ਘੁਸਪੈਠ ਕਰਨ ਵਾਲੇ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਪੰਜ ਦਹਿਸ਼ਤਗਰਦਾਂ ਨੂੰ ਅੱਜ ਮੁਕਾਬਲੇ ਦੌਰਾਨ ਮਾਰ ਮੁਕਾਇਆ। ਮੁਕਾਬਲਾ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਸਮਲਾਰ ਖੇਤਰ ਵਿੱਚ ਹੋਇਆ। ਪੁਲੀਸ ਮੁਤਾਬਕ ਪੰਜੇ ਦਹਿਸ਼ਤਗਰਦ ਹਾਲ ਹੀ ਵਿੱਚ ਕੰਟਰੋਲ ਰੇਖਾ ਰਾਹੀਂ ਭਾਰਤ ਵਿੱਚ ਦਾਖ਼ਲ ਹੋਏ ਸਨ ਤੇ ਵਾਦੀ ਦੇ ਹੋਰਨਾਂ ਹਿੱਸਿਆਂ ਵਿੱਚ ਜਾਣ ਦੀ ਫ਼ਿਰਾਕ ਵਿੱਚ ਸਨ। ਇਸ ਦੌਰਾਨ ਸਲਾਮਤੀ ਦਸਤਿਆਂ ਨੇ ਬਾਂਦੀਪੋਰਾ ਦੇ ਜੰਗਲੀ ਖੇਤਰ ਵਿੱਚ ਹੋਏ ਮੁਕਾਬਲੇ ਵਿੱਚ ਇਕ ਅਣਪਛਾਤੇ ਦਹਿਸ਼ਤਗਰਦ ਨੂੰ ਮਾਰ ਦਿੱਤਾ। ਫ਼ੌਜੀ ਅਧਿਕਾਰੀ ਨੇ ਕਿਹਾ ਕਿ ਇਕ ਦਹਿਸ਼ਤਗਰਦ ਵੀਰਵਾਰ ਨੂੰ ਮਾਰਿਆ ਗਿਆ ਸੀ ਜਦੋਂਕਿ ਦੂਜੇ ਦਹਿਸ਼ਤਗਰਦ ਦੀ ਲਾਸ਼ ਅੱਜ ਸਵੇਰੇ ਬਰਾਮਦ ਹੋਈ ਹੈ। ਸਲਾਮਤੀ ਦਸਤਿਆਂ ਨੇ ਅਤਿਵਾਦੀਆਂ ਦੀ ਮੌਜੂਦਗੀ ਸਬੰਧੀ ਸੂਹ ਮਿਲਣ ਮਗਰੋਂ ਸਮਲਾਰ ਖੇਤਰ ਨੂੰ ਪਾ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ ਕਿ ਦਹਿਸ਼ਤਗਰਦਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।