ਕਾਂਗਰਸ ਵੱਲੋਂ ਗੋਆ ’ਚ ਸਰਕਾਰ ਬਣਾਉਣ ਲਈ ਦਾਅਵਾ ਪੇਸ਼

ਰਾਜਪਾਲ ਨੂੰ ਵਿਧਾਨ ਸਭਾ ਭੰਗ ਨਾ ਕਰਨ ਦੀ ਬੇਨਤੀ;
ਭਾਜਪਾ ਹਾਈ ਕਮਾਂਡ ਨੇ ਤਿੰਨ ਸੀਨੀਅਰ ਆਗੂ ਗੋਆ ਭੇਜੇ

ਮੁੱਖ ਮੰਤਰੀ ਮਨੋਹਰ ਪਰੀਕਰ ਦੇ ਹਸਪਤਾਲ ਦਾਖ਼ਲ ਹੋਣ ਤੋਂ ਬਾਅਦ ਗੋਆ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਅੱਜ ਰਾਜਪਾਲ ਮ੍ਰਿਦੁਲਾ ਸਿਨਹਾ ਨੂੰ ਪੱਤਰ ਸੌਂਪ ਕੇ ਰਾਜ ਵਿੱਚ ਬਦਲਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ।
ਇਸ ਦੌਰਾਨ ਭਾਜਪਾ ਹਾਈ ਕਮਾਂਡ ਨੇ ਤਿੰਨ ਸੀਨੀਅਰ ਆਗੂਆਂ- ਰਾਮ ਲਾਲ, ਬੀ ਐਲ ਸੰਤੋਸ਼ ਅਤੇ ਵਿਨੈ ਪੁਰਾਨਿਕ ਨੂੰ ਪਾਰਟੀ ਆਗੂਆਂ ਤੇ ਸਹਿਯੋਗੀ ਪਾਰਟੀਆਂ ਦੇ ਆਗੂਆਂ ਨੂੰ ਮਿਲ ਕੇ ਸਿਆਸੀ ਸਥਿਤੀ ਦਾ ਜਾਇਜ਼ਾ ਲੈਣ ਲਈ ਪਣਜੀ ਭੇਜਿਆ ਹੈ ਜੋ ਵਾਪਸ ਆ ਕੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਰਿਪੋਰਟ ਦੇਣਗੇ। 62 ਸਾਲਾ ਪਰੀਕਰ ਕਈ ਮਹੀਨਿਆਂ ਤੋਂ ਪਿੱਤੇ ਦੀ ਬਿਮਾਰੀ ਤੋਂ ਪੀੜਤ ਹਨ ਤੇ ਪਿਛਲੇ ਦਿਨੀਂ ਨਵੀਂ ਦਿੱਲੀ ਦੇ ਏਮਸ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਸੀ।
ਗੋਆ ਦੀ 40 ਮੈਂਬਰੀ ਵਿਧਾਨ ਸਭਾ ਵਿੱਚ ਕਾਂਗਰਸ ਦੇ 16 ਮੈਂਬਰ ਹਨ। ਸਦਨ ਵਿੱਚ ਵਿਰੋਧੀ ਧਿਰ ਦੇ ਆਗੂ ਚੰਦਰਕਾਂਤ ਕਾਵਲੇਕਰ ਨੇ ਆਖਿਆ ਕਿ ਰਾਜਪਾਲ ਨੂੰ ਪੱਤਰ ਭੇਜ ਕੇ ਬੇਨਤੀ ਕੀਤੀ ਗਈ ਹੈ ਕਿ ਵਿਧਾਨ ਸਭਾ ਭੰਗ ਨਾ ਕਰ ਕੇ ਪਾਰਟੀ ਨੂੰ ਬਦਲਵੀਂ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਜਾਵੇ। ਉਂਜ, ਰਾਜਪਾਲ ਸਿਨਹਾ ਬਾਹਰ ਗਏ ਹੋਣ ਕਾਰਨ ਉਨ੍ਹਾਂ ਨੂੰ ਮਿਲ ਨਹੀਂ ਸਕੇ। ਕਾਂਗਰਸ ਆਗੂ ਨੇ ਕਿਹਾ ਕਿ ਭਾਜਪਾ ਨੂੰ ਆਦਤ ਹੋ ਗਈ ਹੈ ਕਿ ਜਿਹੜੇ ਰਾਜ ਵਿੱਚ ਉਸ ਦੀ ਸਰਕਾਰ ਨਾ ਬਣੇ ਉੱਥੇ ਗਵਰਨਰੀ ਰਾਜ ਲਾਗੂ ਕਰ ਦਿੱਤਾ ਜਾਵੇ ਪਰ ਗੋਆ ’ਚ ਉਹ ਅਜਿਹਾ ਨਹੀਂ ਹੋਣ ਦੇਣਗੇ।
ਰਾਜ ਦੀ ਵਿਧਾਨ ਸਭਾ ਵਿੱਚ ਭਾਜਪਾ ਦੀਆਂ 14 ਸੀਟਾਂ ਹਨ ਜਦਕਿ ਇਸ ਦੀਆਂ ਸਹਿਯੋਗੀ ਗੋਆ ਫਾਰਵਰਡ ਪਾਰਟੀ ਤੇ ਐਮਜੀਪੀ ਦੀਆਂ ਤਿੰਨ-ਤਿੰਨ ਸੀਟਾਂ ਹਨ। ਤਿੰਨ ਆਜ਼ਾਦ ਤੇ ਐਨਸੀਪੀ ਦੇ ਇਕ ਵਿਧਾਇਕ ਵੱਲੋਂ ਵੀ ਪਰੀਕਰ ਸਰਕਾਰ ਦੀ ਹਮਾਇਤ ਕੀਤੀ ਜਾ ਰਹੀ ਸੀ।
ਸ੍ਰੀ ਕਾਵਲੇਕਰ ਨੇ ਕਿਹਾ ਕਿ ਕਾਂਗਰਸ ਨੂੰ ਹੋਰਨਾਂ ਪਾਰਟੀਆਂ ਤੋਂ ਹਮਾਇਤ ਹਾਸਲ ਹੈ ਤੇ ਰਾਜਪਾਲ ਵੱਲੋਂ ਸੱਦਾ ਮਿਲਿਆ ਤਾਂ ਉਹ ਸਦਨ ਵਿੱਚ ਬਹੁਮਤ ਸਿੱਧ ਕਰਨਗੇ।
ਪਹਿਲਾਂ, ਭਾਜਪਾ ਆਗੂ ਰਾਮ ਲਾਲ ਨੇ ਕਿਹਾ ਕਿ ਗੋਆ ਸਰਕਾਰ ਸਥਿਰ ਹੈ ਤੇ ਲੀਡਰਸ਼ਿਪ ਵਿੱਚ ਤਬਦੀਲੀ ਦੀ ਕੋਈ ਮੰਗ ਨਹੀਂ ਕੀਤੀ ਗਈ। ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ ਦੇ ਮੁਖੀ ਦੀਪਕ ਧਵਲੀਕਰ ਨੇ ਆਖਿਆ ਕਿ ਗੋਆ ਦੇ ਹਾਲਾਤ ਦਾ ਹੱਲ ਭਾਜਪਾ ਨੂੰ ਸੁਝਾਉਣਾ ਪਵੇਗਾ ਕਿਉਂਕਿ ਇਹ ਸੱਤਾਧਾਰੀ ਕੁਲੀਸ਼ਨ ਦੀ ਸਭ ਤੋਂ ਵੱਡੀ ਧਿਰ ਹੈ। ਉਨ੍ਹਾਂ ਕਿਹਾ ‘‘ ਸਾਡੀ ਕੋਈ ਖਾਸ ਮੰਗ ਨਹੀਂ ਹੈ ਪਰ ਜੇ ਉਹ (ਭਾਜਪਾ) ਇਸ (ਲੀਡਰਸ਼ਿਪ ’ਚ ਤਬਦੀਲੀ) ਬਾਰੇ ਸੋਚ ਰਹੇ ਹਨ ਤਾਂ ਚਾਰਜ ਸਭ ਤੋਂ ਸੀਨੀਅਰ ਮੰਤਰੀ ਨੂੰ ਦੇਣਾ ਚਾਹੀਦਾ ਹੈ।’’