ਉਘੇ ਪੱਤਰਕਾਰ ਅਤੇ ਕਾਲਮ ਨਵੀਸ ਸਵਰਗੀ ਕੁਲਦੀਪ ਨਈਅਰ ਦੀਆਂ ਅਸਥੀਆਂ 16 ਸਤੰਬਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਗਦੇ ਦਰਿਆ ਰਾਵੀ ਵਿਚ ਜਲ ਪ੍ਰਵਾਹ ਕੀਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਸਵੇਰੇ ਅਸਥੀਆਂ ਨੂੰ ਇਥੇ ਵਿਰਸਾ ਵਿਹਾਰ ਕੇਂਦਰ ਵਿਚ ਅੰਤਿਮ ਦਰਸ਼ਨਾਂ ਲਈ ਰੱਖਿਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਦੇ ਪ੍ਰਧਾਨ ਰਮੇਸ਼ ਯਾਦਵ ਨੇ ਦਸਿਆ ਕਿ ਸ੍ਰੀ ਨਈਅਰ ਦੀਆਂ ਅਸਥੀਆਂ ਨੂੰ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਵਲੋਂ ਦੋਵੇਂ ਪਾਸੇ ਇਸ ਸਾਂਝੇ ਦਰਿਆ ਵਿਚ ਜਲ ਪ੍ਰਵਾਹ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਦਾ ਇਕ ਹਿੱਸਾ ਉਨ੍ਹਾਂ ਦੇ ਪਰਿਵਾਰ ਦੀ ਨਿਗਰਾਨੀ ਹੇਠ ਕੁਝ ਪਾਕਿਸਤਾਨੀ ਬੁੱਧੀਜੀਵੀ ਉੱਧਰ ਲੈ ਗਏ ਸਨ। ਅਸਥੀਆਂ ਨੂੰ ਐਤਵਾਰ ਸਵੇਰੇ 9 ਤੋਂ ਸਾਢੇ 10 ਵਜੇ ਤਕ ਇਥੇ ਵਿਰਸਾ ਵਿਹਾਰ ਕੇਂਦਰ ਵਿਚ ਅੰਤਿਮ ਦਰਸ਼ਨਾਂ ਲਈ ਰੱਖਿਆ ਜਾਵੇਗਾ। ਮਗਰੋਂ ਲੇਖਕ, ਬੁੱਧੀਜੀਵੀ, ਪੱਤਰਕਾਰ ਇਕ ਕਾਫਲੇ ਵਿਚ ਅਸਥੀ ਕਲਸ਼ ਰਾਵੀ ਕੰਢੇ ਲੈ ਕੇ ਜਾਣਗੇ ਤੇ ਇਨ੍ਹਾਂ ਨੂੰ ਜਲ ਪ੍ਰਵਾਹ ਕੀਤਾ ਜਾਵੇਗਾ। ਇਸੇ ਦਿਨ ਸ਼ਾਮ ਸ੍ਰੀ ਨਈਅਰ ਦੀ ਯਾਦ ਵਿਚ ਸਰਹੱਦ ’ਤੇ ਇਕ ਬੂਟਾ ਲਾਇਆ ਜਾਵੇਗਾ। ਦੱਸਣਯੋਗ ਹੈ ਕਿ ਸ੍ਰੀ ਨਈਅਰ ਭਾਰਤ-ਪਾਕਿ ਵਿਚਾਲੇ ਚੰਗੇ ਸਬੰਧਾਂ ਦੇ ਮੁਦਈ ਸਨ ਅਤੇ ਆਪਣੇ ਆਖਰੀ ਸਾਹਾਂ ਤਕ ਉਨ੍ਹਾਂ ਇਸ ਸਬੰਧੀ ਯਤਨ ਜਾਰੀ ਰੱਖੇ। ਉਨ੍ਹਾਂ ਦੇ ਅੰਤਿਮ ਕਾਫਲੇ ਵਿਚ ਪਰਿਵਾਰਕ ਮੈਂਬਰ ਸੁਧੀਰ ਨਈਅਰ, ਰਾਜੀਵ ਨਈਅਰ, ਕਵਿਤਾ ਨਈਅਰ, ਕਨਿਕਾ ਨਈਅਰ, ਕਾਰਤਿਕ ਨਈਅਰ, ਮੰਦਿਰਾ ਨਈਅਰ, ਅਦਿੱਤਿਆ ਦੀਵਾਨ, ਪੁਸ਼ਪ ਰਾਜ ਵੀ ਸ਼ਾਮਲ ਹੋਣਗੇ, ਜੋ 15 ਸਤੰਬਰ ਦੀ ਸ਼ਾਮ ਅਸਥੀਆਂ ਲੈ ਕੇ ਅੰਮ੍ਰਿਤਸਰ ਪੁੱਜਣਗੇ। ਇਸ ਸਬੰਧੀ ਪ੍ਰਬੰਧਾਂ ਨੂੰ ਲੈ ਕੇ ਜਥੇਬੰਦੀ ਵਲੋਂ ਇਕ ਮੀਟਿੰਗ ਵੀ ਕੀਤੀ ਗਈ ਹੈ।
INDIA ਕੁਲਦੀਪ ਨਈਅਰ ਦੇ ਫੁੱਲ ਭਲਕੇ ਰਾਵੀ ’ਚ ਪਾਏ ਜਾਣਗੇ