ਸੀਐਸਓ ਅੰਕੜਿਆਂ ਨੂੰ ਝੁਠਲਾ ਕੇ ਦਿਖਾਵੇ ਭਾਜਪਾ: ਚਿਦੰਬਰਮ

ਨਵੀਂ ਦਿੱਲੀ: ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਅੱਜ ਭਾਜਪਾ ਨੂੰ ਆਰਥਿਕ ਵਿਕਾਸ ਬਾਰੇ ਇਨ੍ਹਾਂ ਸਰਕਾਰੀ ਅੰਕੜਿਆਂ ਨੂੰ ਝੁਠਲਾ ਕੇ ਦਿਖਾਉਣ ਦੀ ਚੁਣੌਤੀ ਦਿੱਤੀ ਹੈ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਯੂਪੀਏ ਸਰਕਾਰ ਵੇਲੇ 2006-07 ਦੌਰਾਨ ਅਰਥਚਾਰੇ ਦਾ ਵਿਕਾਸ 10.08 ਫ਼ੀਸਦ ਦੀ ਦਰ ਨਾਲ ਹੋਇਆ ਸੀ ਜੋ 1991 ਵਿੱਚ ਸ਼ੁਰੂ ਹੋਏ ਆਰਥਿਕ ਉਦਾਰੀਕਰਨ ਤੋਂ ਬਾਅਦ ਸਭ ਤੋਂ ਉੱਚੀ ਦਰ ਸੀ। ਸਾਬਕਾ ਵਿੱਤ ਮੰਤਰੀ ਚਿਦੰਬਰਮ ਨੇ ਇਹ ਪ੍ਰਤੀਕਿਰਿਆ ਉਦੋਂ ਦਿੱਤੀ ਜਦੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਆਪਣੀ ਪਾਰਟੀ ਦੇ ਆਗੂਆਂ ਨੂੰ ਸਰਕਾਰ ਦੀਆਂ ਆਰਥਿਕ ਨੀਤੀਆਂ ਬਾਰੇ ਤੱਥਾਂ ਤੇ ਅੰਕੜਿਆਂ ਦੇ ਅਧਾਰ ’ਤੇ ਚਿਦੰਬਰਮ ਤੇ ਵਿਰੋਧੀ ਪਾਰਟੀਆਂ ਦੇ ਹੋਰਨਾਂ ਆਗੂਆਂ ਨੂੰ ਖੁੱਲ੍ਹੀ ਬਹਿਸ ਲਈ ਵੰਗਾਰਨ ਦੀ ਅਪੀਲ ਕੀਤੀ ਸੀ। ਕਾਂਗਰਸ ਆਗੂ ਨੇ ਕਿਹਾ ਕਿ ਪਾਰਟੀ ਨੇ ਪਹਿਲਾਂ ਹੀ ਡੇਟਾ ਅਧਾਰਤ ਬਹਿਸ ਸ਼ੁਰੂ ਕਰ ਦਿੱਤੀ ਹੈ ਤੇ ਐਨਡੀਏ-1, ਯੂਪੀਏ-1, ਯੂਪੀਏ-2 ਤੇ ਐਨਡੀਏ-2 ਦੇ ਸ਼ਾਸਨ ਕਾਲ ਦਾ ਵਿਕਾਸ ਬਾਰੇ ਸੀਐਸਓ ਦਾ ਡੇਟਾ ਨਸ਼ਰ ਕਰ ਦਿੱਤਾ ਹੈ। ਚਿਦੰਬਰਮ ਨੇ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਹਾ ‘‘ਕੀ ਭਾਜਪਾ ਸੀਐਸਓ ਡੇਟਾ ਮੰਨਦੀ ਹੈ ਜਾਂ ਨਹੀਂ? ਭਾਜਪਾ ਸੀਐਸਓ ਅੰਕੜਿਆਂ ਨੂੰ ਝੁਠਲਾ ਕੇ ਦਿਖਾਵੇ।’’