ਕਲੋਨੀ ਨੰਬਰ 4 ਵਿੱਚ ਮਾਮੂਲੀ ਬਹਿਸ ਮਗਰੋਂ ਖ਼ੂਨੀ ਝੜਪ

ਚੰਡੀਗੜ੍ਹ ਦੇ ਸਨਅਤੀ ਏਰੀਆ ਫੇਜ਼-1 ਨਾਲ ਲੱਗਦੀ ਕਲੋਨੀ ਨੰਬਰ-4 ਵਿੱਚ ਲੰਘੀ ਦੇਰ ਰਾਤ ਉਸ ਸਮੇਂ ਅਫਰਾ-ਤਫਰੀ ਪੈਦਾ ਹੋ ਗਈ ਜਦੋਂ ਉਥੇ ਹੀ ਰਹਿਣ ਵਾਲੇ ਦੋ ਮੁਹੱਲਿਆਂ ਦੇ ਲੜਕੇ ਆਪਸ ਵਿੱਚ ਖਹਿਬੜ ਪਏ। ਮਿਲੀ ਜਾਣਕਾਰੀ ਅਨੁਸਾਰ ਕਲੋਨੀ ਦੇ ਦੋ ਗੁਟਾਂ ਵਿੱਚ ਰਾਤ ਕਰੀਬ ਸਾਢੇ ਦਸ ਵਜੇ ਮਾਮੂਲੀ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋਈ ਜੋ ਕਿ ਖ਼ੂਨੀ ਸੰਘਰਸ਼ ਵਿੱਚ ਬਦਲ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਕਲੋਨੀ ਨੰਬਰ-4 ਦੇ ਆਈ-ਬਲਾਕ ਵਿੱਚ ਰਹਿਣ ਵਾਲੇ ਪੰਕਜ ਸ਼ਰਮਾ, ਜੋ ਕਿ ਝੁੱਗੀ ਨੰਬਰ 12 ਵਿੱਚ ਰਹਿੰਦਾ ਹੈ, ਦੇ ਘਰ ਦੇ ਬਾਹਰ ਖੜ੍ਹੀਆਂ ਸਾਈਕਲਾਂ ਨਾਲ ਕੁੱਝ ਲੜਕੇ ਛੇੜਖਾਨੀ ਕਰ ਰਹੇ ਸਨ। ਇਹ ਵੀ ਇਲਜ਼ਾਮ ਸੀ ਇਹ ਲੜਕੇ ਅਕਸਰ ਸ਼ਰਾਬ ਪੀ ਕੇ ਇਥੇ ਹੁੜਦੰਗ ਮਚਾਉਂਦੇ ਸਨ। ਪੰਕਜ ਦੇ ਗੁਆਂਢੀ ਗੁਲਜ਼ਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਲੜਕਿਆਂ ਨੂੰ ਰੋਕਿਆ ਤਾਂ ਉਹ ਵਾਪਸ ਚਲੇ ਗਏ। ਥੋੜ੍ਹੀ ਦੇਰ ਬਾਅਦ ਰਾਹੁਲ, ਕਾਕਾ, ਮੁਨੀਸ਼, ਰਾਜੇਸ਼ ਆਦਿ ਡੰਡੇ ਤੇ ਰਾਡਾਂ ਲੈ ਕੇ ਆਏ ਅਤੇ ਸੁਨੀਲ ਯਾਦਵ, ਪੰਕਜ ਸ਼ਰਮਾ ਅਤੇ ਵੀਰੂ ’ਤੇ ਹਮਲਾ ਕਰ ਦਿੱਤਾ। ਪੀੜਤ ਸੁਨੀਲ ਯਾਦਵ ਵਿਕਲਾਂਗ ਹੈ ਤੇ ਉਸ ਦੇ ਸਿਰ ਉੱਤੇ 20 ਅਤੇ ਮੂੰਹ ਉੱਤੇ 10 ਟਾਂਕੇ ਲੱਗੇ ਹਨ। ਉਸ ਦਾ ਇੱਕ ਕੰਨ ਵੀ ਕੱਟ ਗਿਆ ਹੈ ਜਦੋਂ ਕਿ ਪੰਕਜ ਸ਼ਰਮਾ ਵੀ ਗੰਭੀਰ ਜ਼ਖਮੀ ਹੋ ਗਿਆ ਹੈ। ਉਸ ਦੇ ਵੀ 12 ਟਾਂਕੇ ਲੱਗੇ ਹਨ। ਇਨ੍ਹਾਂ ਦੇ ਦੋਸਤ ਵੀਰੂ ਨੂੰ 5 ਟਾਂਕੇ ਲੱਗੇ ਹਨ। ਘਟਨਾ ਤੋਂ ਬਾਅਦ ਜਖ਼ਮੀ ਲੜਕਿਆਂ ਦੇ ਦੋਸਤਾਂ ਨੇ ਵੀ ਮੁਲਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਸੰਨੀ ਜਖ਼ਮੀ ਹੋ ਗਿਆ। ਉਹ ਸੈਕਟਰ-32 ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਗੁਲਜ਼ਾਰ ਨੇ ਦੋਸ਼ ਲਗਾਇਆ ਕਿ ਪੁਲੀਸ ਵਕਤ ਸਿਰ ਨਹੀਂ ਪਹੁੰਚੀ ਅਤੇ ਜਖ਼ਮੀਆਂ ਨੂੰ ਆਪਣੇ ਆਪ ਹੀ ਸੈਕਟਰ-32 ਦੇ ਹਸਪਤਾਲ ਪਹੁੰਚਾਉਣਾ ਪਿਆ। ਉਨ੍ਹਾਂ ਦੋਸ਼ ਲਗਾਇਆ ਕਿ ਸ਼ਨੀਵਾਰ ਸਵੇਰੇ ਤੱਕ ਵੀ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਕਲੋਨੀ ਵਾਸੀਆਂ ਨੇ ਉਦਯੋਗਕ ਖੇਤਰ ਫੇਜ਼-1 ਦੇ ਥਾਣੇ ਦਾ ਘਿਰਾਓ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਇਸ ਮਗਰੋਂ ਪੁਲੀਸ ਹਰਕਤ ਵਿੱਚ ਆਈ ਤੇ ਦੋਵੇਂ ਧਿਰਾਂ ਤੋਂ ਪੁੱਛਗਿੱਛ ਕਰਕੇ ਮਾਮਲੇ ਦੀ ਜਾਂਚ ਕੀਤੀ ਗਈ।