ਹਨੀ ਫੱਤਣਵਾਲਾ ਨੇ ਕਾਂਗਰਸੀਆਂ ਖ਼ਿਲਾਫ਼ ਹੀ ਉਮੀਦਵਾਰ ਉਤਾਰੇ

ਕਾਂਗਰਸ ਦੇ ਸੂਬਾ ਸਕੱਤਰ ਹਨੀ ਫੱਤਣਵਾਲਾ ਵੱਲੋਂ ਕਾਂਗਰਸ ਦੇ ਹੀ ਸੱਤ ਉਮੀਦਵਾਰਾਂ ਖ਼ਿਲਾਫ਼ ਆਪਣੇ ਆਜ਼ਾਦ ਉਮੀਦਵਾਰ ਖੜੇ ਕਰ ਦਿੱਤੇ ਗਏ ਜਿਨ੍ਹਾਂ ਅੱਜ ਕਾਗਜ਼ ਦਾਖਲ ਕੀਤੇ ਹਨ। ਸ੍ਰੀ ਫੱਤਣਵਾਲਾ ਨੇ ਦੱਸਿਆ ਕਿ ਹਲਕਾ ਇੰਚਾਰਜ ਕਰਨ ਕੌਰ ਬਰਾੜ ਵੱਲੋਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਕਾਰਨ ਇਹ ਕਦਮ ਚੁੱਕਣਾ ਪਿਆ।
ਉਨ੍ਹਾਂ ਦੱਸਿਆ ਕਿ ਪੰਚਾਇਤ ਸਮਿਤੀ ਚੜ੍ਹੇਵਾਨ ਤੋਂ ਮਨਿੰਦਰ ਸਿੰਘ ਮਨੀ, ਮਾਨ ਸਿੰਘ ਵਾਲਾ ਜ਼ੋਨ ਤੋਂ ਹਰਬੰਸ ਸਿੰਘ, ਭੁੱਲਰ ਜ਼ੋਨ ਤੋਂ ਬੋਹੜ ਸਿੰਘ, ਉਦੇਕਰਣ ਜ਼ੋਨ ਤੋਂ ਵੀਰਪਾਲ ਕੌਰ ਪਤਨੀ ਅੰਗਰੇਜ਼ ਸਿੰਘ ਬੂੜਾ ਗੁੱਜਰ, ਬਧਾਈ ਜ਼ੋਨ ਤੋਂ ਜਗਜੀਤ ਸਿੰਘ ਬਰਾੜ, ਸੀਰਵਾਲੀ ਜ਼ੋਨ ਤੋਂ ਸੁਖਜੀਤ ਕੌਰ, ਗੁਲਾਬੇਵਾਲਾ ਜ਼ੋਨ ਤੋਂ ਮਨਿੰਦਰ ਸਿੰਘ ਵਿੱਕੀ ਬਰਾੜ ਨੇ ਰਿਟਰਨਿੰਗ ਅਫਸਰ ਨਾਇਬ ਤਹਿਸੀਲਦਾਰ ਚਰਨਜੀਤ ਸਿੰਘ ਵੜਿੰਗ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤੇ। ਸ੍ਰੀ ਫੱਤਣਵਾਲਾ ਨੇ ਦਾਅਵਾ ਕੀਤਾ ਕਿ ਉਹ ਸਾਰੀਆਂ ਸੀਟਾਂ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਉਣਗੇ। ਇਸ ਮੌਕੇ ਮਨਜੀਤ ਸਿੰਘ ਫੱਤਣਵਾਲਾ, ਇਕਬਾਲ ਸਿੰਘ ਸੰਗੂਧੋਨ, ਭੋਮਾ ਥਾਂਦੇਵਾਲਾ, ਮੁਕੇਸ਼ ਬਰੀਵਾਲਾ, ਖੜਕ ਸਿੰਘ ਸਰਪੰਚ, ਪੰਮਾ ਸਿੰਘ ਸਰਪੰਚ, ਹਰਜਿੰਦਰ ਸਿੰਘ ਉਦੇਕਰਣ, ਹਰਚਰਨ ਸਿੰਘ ਸਰਪੰਚ, ਵਿੱਕੀ ਲੰਬੀ ਢਾਬ, ਜਸਕਰਨ ਸਿੰਘ, ਬਿੱਕਰ ਸਿੰਘ ਵੀ ਮੌਜੂਦ ਸਨ।
ਇਸ ਦੌਰਾਨ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਕਰਨ ਕੌਰ ਬਰਾੜ ਨੇ ਦੱਸਿਆ ਕਿ ਉਨ੍ਹਾਂ ਪੰਚਾਇਤ ਸਮਿਤੀ ਚੋਣਾਂ ‘ਚ ਪਾਰਟੀ ਦੀ ਟਿਕਟ ‘ਤੇ ਯੋਗ ਉਮੀਦਵਾਰ ਖੜ੍ਹੇ ਕੀਤੇ ਹਨ, ਜਿਸ ‘ਚ ਹਨੀ ਫੱਤਣਵਾਲਾ ਦੇ ਵੀ ਤਿੰਨ ਸਾਥੀ ਹਨ ਤੇ ਪਾਰਟੀ ਉਨ੍ਹਾਂ ਉਮੀਦਵਾਰਾਂ ਦੇ ਹੀ ਨਾਲ ਖੜ੍ਹੇਗੀ, ਜੇ ਕੋਈ ਕਾਂਗਰਸੀ ਉਨ੍ਹਾਂ ਦਾ ਵਿਰੋਧ ਕਰਦਾ ਹੈ ਤਾਂ ਇਸ ਸਬੰਧੀ ਹਾਈ ਕਮਾਂਡ ਕਾਰਵਾਈ ਕਰੇਗੀ।