ਸੁਖਬੀਰ ਦੀ ਫੇਰੀ ਮੌਕੇ ਪੰਥਕ ਧਿਰਾਂ ਅਤੇ ਅਕਾਲੀ ਵਰਕਰਾਂ ’ਚ ਟਕਰਾਅ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਫਰੀਦਕੋਟ ਫੇਰੀ ਦਾ ਅੱਜ ਪੰਥਕ ਧਿਰਾਂ ਨੇ ਜ਼ਬਰਦਸਤ ਵਿਰੋਧ ਕੀਤਾ, ਇਸ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਪੰਥਕ ਧਿਰਾਂ ਦਰਮਿਆਨ ਚਾਂਦ ਪੈਲੇਸ ਦੇ ਬਾਹਰ ਟਕਰਾਅ ਹੋ ਗਿਆ। ਸੁਖਬੀਰ ਬਾਦਲ ਦੀ ਫੇਰੀ ਤੋਂ ਇੱਕ ਘੰਟਾ ਪਹਿਲਾਂ ਪੰਥਕ ਧਿਰਾਂ ਨੇ ਸ਼੍ਰੋਮਣੀ ਅਕਾਲੀ ਦਲ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਰੈਲੀ ਵਾਲੀ ਥਾਂ ਉੱਤੇ ਇਕੱਤਰ ਹੋ ਗਏ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਕਰੀਬ 300 ਵਰਕਰ ਵੀ ਪੂਰੀ ਤਿਆਰੀ ਨਾਲ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਅਗਵਾਈ ਵਿੱਚ ਰੈਲੀ ਵਾਲੀ ਥਾਂ ਉੱਤੇ ਪੁੱਜ ਗਏ। ਜ਼ਿਲ੍ਹਾ ਪੁਲੀਸ ਨੂੰ ਟਕਰਾਅ ਦੀ ਸੂਚਨਾ ਪਹਿਲਾਂ ਹੀ ਮਿਲ ਚੁੱਕੀ ਸੀ, ਇਸ ਕਰਕੇ ਸੁਖਬੀਰ ਬਾਦਲ ਦੀ ਰੈਲੀ ਵਾਲੀ ਥਾਂ ਉੱਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ। ਅਕਾਲੀ ਆਗੂਆਂ ਨੇ ਪੰਥਕ ਧਿਰਾਂ ਨਾਲ ਸਿੱਧੀ ਟੱਕਰ ਲੈਣ ਦੀ ਨੀਅਤ ਨਾਲ ਹੱਲਾ ਬੋਲ ਦਿੱਤਾ। ਪੰਥਕ ਧਿਰਾਂ ਨਾਲੋਂ ਅਕਾਲੀ ਦਲ ਦੇ ਵਰਕਰਾਂ ਦੀ ਗਿਣਤੀ ਕਰੀਬ ਤਿੰਨ ਗੁਣਾ ਜ਼ਿਆਦਾ ਸੀ। ਜ਼ਿਲ੍ਹਾ ਪੁਲੀਸ ਨੇ ਲੰਬੀ ਮੁਸ਼ੱਕਤ ਤੋਂ ਬਾਅਦ ਦੋਹਾਂ ਧਿਰਾਂ ਦਰਮਿਆਨ ਪੈਦਾ ਹੋਏ ਟਕਰਾਅ ਨੂੰ ਟਾਲ ਦਿੱਤਾ। ਕਾਫ਼ੀ ਜੱਦੋਜਹਿਦ ਤੋਂ ਬਾਅਦ ਪੰਥਕ ਧਿਰਾਂ ਦੀ ਅਗਵਾਈ ਕਰ ਰਹੇ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਦਵਿੰਦਰ ਸਿੰਘ ਹਰੀਏਵਾਲਾ ਆਦਿ ਮੌਕੇ ਤੋਂ ਚਲੇ ਗਏ। ਇਸ ਵਿਵਾਦ ਵਿੱਚ ਗੁਰਦੁਆਰਾ ਖਾਲਸਾ ਦੀਵਾਨ ਦੇ ਪ੍ਰਧਾਨ ਤੇ ਅਕਾਲੀ ਆਗੂ ਅਵਤਾਰ ਸਿੰਘ ਖੋਸਾ ਮਾਮੂਲੀ ਜ਼ਖ਼ਮੀ ਹੋ ਗਏ। ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਪੰਥਕ ਧਿਰਾਂ ਉਨ੍ਹਾਂ ਦੀ ਸ਼ਰਾਫ਼ਤ ਦਾ ਨਜਾਇਜ਼ ਫਾਇਦਾ ਉਠਾ ਰਹੀਆਂ ਸਨ, ਇਸ ਲਈ ਉਹ ਇਸ ਦਾ ਪ੍ਰਬੰਧ ਕਰਕੇ ਆਏ ਸਨ। ਦੂਜੇ ਪਾਸੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਿੱਚ ਅਕਾਲੀ ਦਲ ਦੀ ਸਿੱਧੀ ਸ਼ਮੂਲੀਅਤ ਹੈ, ਇਸ ਲਈ ਅਕਾਲੀ ਦਲ ਦਾ ਜਨਤਕ ਤੌਰ ਉੱਤੇ ਵਿਰੋਧ ਕੀਤਾ ਜਾਵੇਗਾ। ਵਿਵਾਦ ਸਮਾਪਤ ਹੋਣ ਤੋਂ ਬਾਅਦ ਹੀ ਸੁਖਬੀਰ ਸਿੰਘ ਬਾਦਲ ਰੈਲੀ ਸਥਾਨ ਉੱਤੇ ਪੁੱਜੇ। ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਲਜੀਤ ਸਿੰਘ ਦਾਦੂਵਾਲ ਅਤੇ ਜੱਥੇਦਾਰ ਧਿਆਨ ਸਿੰਘ ਮੰਡ ਕਾਂਗਰਸ ਦੇ ਇਸ਼ਾਰੇ ਉੱਤੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਬਰਗਾੜੀ ਧਰਨੇ ਉੱਤੇ ਬੈਠੇ ਪੰਥਕ ਆਗੂਆਂ ਦੇ ਇਤਿਹਾਸ ਨੂੰ ਪਰਖਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਕੁੱਝ ਪੰਥਕ ਆਗੂਆਂ ਨੂੰ ਰੋਜ਼ਾਨਾ ਲੱਖਾਂ ਰੁਪਏ ਫੰਡ ਆ ਰਿਹਾ ਹੈ ਅਤੇ ਇਸੇ ਫੰਡ ਦੇ ਲਾਲਚ ਲਈ ਉਹ ਮੋਰਚਾ ਲਾਈ ਬੈਠੇ ਹਨ। ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਵਰਕਰਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੰਥਕ ਧਿਰਾਂ ਦੇ ਵਿਰੋਧ ਤੋਂ ਡਰਨ ਦੀ ਲੋੜ ਨਹੀਂ। ਇਸ ਮੌਕੇ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਕੁਲਤਾਰ ਸਿੰਘ ਬਰਾੜ, ਲਖਵੀਰ ਸਿੰਘ ਅਰਾਈਆਂ ਵਾਲਾ, ਤੀਰਥ ਸਿੰਘ ਮਾਹਲਾ, ਹਰਦੇਵ ਸਿੰਘ ਨੋਨੀਮਾਨ, ਜੱਥੇਦਾਰ ਤੋਤਾ ਸਿੰਘ, ਨਵਦੀਪ ਸਿੰਘ ਬੱਬੂ ਬਰਾੜ, ਗੁਰਕੰਵਲ ਸਿੰਘ, ਮੋਹਨ ਸਿੰਘ ਮੱਤਾ, ਹਰਚਰਨ ਸਿੰਘ ਸੰਧੂ ਤੇ ਸਤੀਸ਼ ਗਰੋਵਰ ਆਦਿ ਹਾਜ਼ਰ ਸਨ।