‘ਆਪ’ ਦੀ ਪੰਜਾਬ ਲੀਡਰਸ਼ਿਪ ਖਹਿਰਾ ਵਿਰੁੱਧ ਕਾਰਵਾਈ ਲਈ ਕਾਹਲੀ

ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਦੀ ਸੂਬਾਈ ਲੀਡਰਸ਼ਿਪ ਵਿਰੋਧੀ ਧਿਰ ਦੇ ਆਗੂ ਦੀ ਗੱਦੀ ਤੋਂ ਲਾਹੇ ਸੁਖਪਲ ਸਿੰਘ ਖਹਿਰਾ ਦੀਆਂ ਬਾਗੀ ਸਰਗਰਮੀਆਂ ਵਿਰੁੱਧ ਕਾਰਵਾਈ ਲਈ ਕਾਹਲੀ ਹੈ, ਪਰ ਹਾਈਕਮਾਂਡ ਫਿਲਹਾਲ ਇਸ ਮਾਮਲੇ ’ਤੇ ਜੱਕੋਤੱਕੀ ’ਚ ਹੈ। ਇਸ ਦੇ ਮੱਦੇਨਜ਼ਰ ਪੰਜਾਬ ਇਕਾਈ ਨੇ ਸੰਸਦ ਮੈਂਬਰ ਭਗਵੰਤ ਮਾਨ ਦੀ ਅਗਵਾਈ ਹੇਠ ਬਾਗੀ ਧਿਰ ਦੀਆਂ ਰੈਲੀਆਂ ਦਾ ਜਵਾਬ ਰੈਲੀਆਂ ਰਾਹੀਂ ਦੇਣ ਦੀ ਰਣਨੀਤੀ ਬਣਾਈ ਹੈ।
ਸੂਤਰਾਂ ਅਨੁਸਾਰ ਕੱਲ੍ਹ ਸੰਗਰੂਰ ਵਿਚ ਪੰਜਾਬ ਇਕਾਈ ਦੀ ਮੀਟਿੰਗ ਵਿਚ ਕਰੀਬ ਸਾਰੇ ਆਗੂਆਂ ਨੇ ਸ੍ਰੀ ਖਹਿਰਾ ਵਿਰੁੱਧ ਜਲਦ ਕਾਰਵਾਈ ਕਰਕੇ ਇਹ ਰੱਫੜ ਇਕ ਪਾਸੇ ਲਾਉਣ ਦੇ ਸੁਝਾਅ ਦਿੱਤੇ ਹਨ। ਆਗੂਆਂ ਨੇ ਕਿਹਾ ਕਿ ਸ੍ਰੀ ਖਹਿਰਾ ਨੇ ਅਨੁਸ਼ਾਸਨਹੀਣਤਾ ਦੀਆਂ ਹੱਦਾਂ ਪਾਰ ਕਰ ਲਈਆਂ ਹਨ, ਇਸ ਲਈ ਵਾਲੰਟੀਅਰਾਂ ਦਾ ਭੰਬਲਭੂਸਾ ਖਤਮ ਕਰਨ ਲਈ ਉਸ ਵਿਰੁੱਧ ਤੁਰੰਤ ਕਾਰਵਾਈ ਜ਼ਰੂਰੀ ਹੈ। ਦੱਸਣਯੋਗ ਹੈ ਕਿ ਸ੍ਰੀ ਖਹਿਰਾ ਨੇ ਜਿਥੇ ਆਪਣੇ ਧੜੇ ਵੱਲੋਂ ਪਾਰਟੀ ਦੀ ਪੰਜਾਬ ਇਕਾਈ ਭੰਗ ਕਰਨ ਦਾ ਐਲਾਨ ਕੀਤਾ ਹੈ, ਉਥੇ ਹਰਪਾਲ ਸਿੰਘ ਚੀਮਾ ਵਿਰੋਧੀ ਧਿਰ ਦੇ ਆਗੂ ਵਜੋਂ ਨਿਯੁਕਤੀ ਨੂੰ ਵੀ ਰੱਦ ਕਰ ਦਿੱਤਾ ਹੈ। ਸ੍ਰੀ ਖਹਿਰਾ ਇਨ੍ਹਾਂ ਮਤਿਆਂ ਦੇ ਆਧਾਰ ’ਤੇ ਹੀ ਪਾਰਟੀ ਨਾਲ ਏਕੇ ਦੀ ਰਸਮੀ ਗੱਲ ਕਹਿ ਰਹੇ ਹਨ ਪਰ ਪਾਰਟੀ ਸ੍ਰੀ ਖਹਿਰਾ ਦੀਆਂ ਅਜਿਹੀਆਂ ਸ਼ਰਤਾਂ ਨੂੰ ਬੇਤੁਕੀਆਂ ਆਖ ਰਹੀ ਹੈ।
ਸੂਤਰਾਂ ਅਨੁਸਾਰ ਹਾਈਕਮਾਂਡ ਵੱਲੋਂ ਸ੍ਰੀ ਖਹਿਰਾ ਦੀਆਂ ਸਰਗਰਮੀਆਂ ’ਤੇ ਬਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ ਪਰ ਫਿਲਹਾਲ ਕਿਸੇ ਅਨੁਸ਼ਾਸਨੀ ਕਾਰਵਾਈ ਦਾ ਮਨ ਨਹੀਂ ਬਣਾਇਆ। ਦਰਅਸਲ ਹਾਈਕਮਾਂਡ ਸ੍ਰੀ ਖਹਿਰਾ ਨੂੰ ਸੰਸਦ ਮੈਂਬਰ ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਵਾਂਗ ਥੋੜ੍ਹੇ ਕੀਤੇ ਪਾਰਟੀ ਵਿਚੋਂ ਮੁਅੱਤਲ ਕਰਨ ਦੇ ਰੌਂਅ ਵਿਚ ਨਹੀਂ ਹੈ। ਪਾਰਟੀ ਹਾਈਕਮਾਂਡ ਅਤੇ ਪੰਜਾਬ ਲੀਡਰਸ਼ਿਪ ਜਿਥੇ ਕਿਸੇ ਵੀ ਕਾਰਵਾਈ ਲਈ ਤਕਨੀਕੀ ਨੁਕਤਿਆਂ ਦਾ ਖਿਆਲ ਰੱਖ ਰਹੀ ਹੈ, ਉਥੇ ਬਾਗੀ ਧੜਾ ਵੀ ਕਾਨੂੰਨੀ ਪੱਖਾਂ ਦਾ ਖਿਆਲ ਰੱਖ ਕੇ ਚੱਲ ਰਿਹਾ ਹੈ। ਦੋਵਾਂ ਧਿਰਾਂ ਦੇ ਇਸ ਰੌਂਅ ਤੋਂ ਏਕੇ ਦੇ ਆਸਾਰ ਬੜੇ ਘੱਟ ਜਾਪਦੇ ਹਨ, ਪਰ ਦੋਵਾਂ ਧਿਰਾਂ ਦੇ ਕੁਝ ਆਗੂ ਇਧਰ-ਉਧਰ ਹੋ ਸਕਦੇ ਹਨ।
ਸ੍ਰੀ ਭਗੰਵਤ ਮਾਨ ਨੇ ਇਸ ਸਬੰਧੀ ਕਿਹਾ ਕਿ ਜਾਪਦਾ ਹੈ ਕਿ ਸ੍ਰੀ ਖਹਿਰਾ ਦੀ ਕਿਸੇ ਹੋਰ ਪਾਰਟੀ ਨਾਲ ਗਿੱਟਮਿੱਟ ਹੋ ਗਈ ਹੈ, ਕਿਉਂਕਿ ਉਹ ਰੋਜ਼ਾਨਾ ਹੀ ਅਨੁਸ਼ਾਸਨ ਤੋੜ ਰਹੇ ਹਨ ਤੇ ਜਾਪਦਾ ਹੈ ਕਿ ਉਹ ਪਾਰਟੀ ’ਚੋਂ ਨਿਕਲਣ ਲਈ ਕਾਹਲੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨੇ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਵੀ ਸ੍ਰੀ ਖਹਿਰਾ ਵੱਲ ਏਕੇ ਲਈ ਉਨ੍ਹਾਂ ਦੀ ਕੋਠੀ ਪੰਜ ਵਿਧਾਇਕ ਭੇਜੇ ਸਨ ਪਰ ਸ੍ਰੀ ਖਹਿਰਾ ਨੇ ਕੋਈ ਹੁੰਗਾਰਾ ਨਹੀਂ ਦਿੱਤਾ। ਸ੍ਰੀ ਮਾਨ ਨੇ ਕਿਹਾ ਕਿ ਉਨ੍ਹਾਂ ਸੂਬੇ ਵਿਚ ਰੈਲੀਆਂ ਦੀ ਲੜੀ ਚਲਾ ਦਿੱਤੀ ਹੈ, ਜਿਸ ਤਹਿਤ 8 ਸਤੰਬਰ ਨੂੰ ਬਾਗੀ ਵਿਧਾਇਕ ਕੰਵਰ ਸੰਧੂ ਦੇ ਹਲਕਾ ਖਰੜ ਵਿਚ ਕੁਰਾਲੀ ਵਿਖੇ ਰੈਲੀ ਕੀਤੀ ਜਾ ਰਹੀ ਹੈ। ਪਾਰਟੀ 9 ਸਤੰਬਰ ਨੂੰ ਹਲਕਾ ਦਿੜ੍ਹਬਾ ਦੇ ਪਿੰਡ ਛਾਜਲੀ, 12 ਨੂੰ ਜਗਰਾਓਂ, 15 ਨੂੰ ਹਲਕਾ ਭੁੱਚੋ ਮੰਡੀ ਦੇ ਪਿੰਡ ਸਿਬੀਆ, 19 ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਫਿਰੋਜ਼ਸਾਹ ਅਤੇ 23 ਸਤੰਬਰ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਚੱਬੇਵਾਲ ਜਾਂ ਗੜ੍ਹਸ਼ੰਕਰ ਵਿਚ ਰੈਲੀਆਂ ਕਰੇਗੀ। ਹਲਕਾ ਭਦੌੜ ਵਿਚ 29 ਸਤੰਬਰ ਨੂੰ ਰੈਲੀ ਕੀਤੀ ਜਾ ਰਹੀ ਹੈ। ਪਾਰਟੀ ਨੇ ਛਪਾਰ ਮੇਲੇ ਅਤੇ ਖਡੂਰ ਸਾਹਿਬ ਵਿਚ ਕਾਨਫਰੰਸਾਂ ਦਾ ਐਲਾਨ ਕੀਤਾ ਹੈ।
ਦੂਜੇ ਪਾਸੇ ਖਹਿਰਾ ਧੜਾ ਪਹਿਲਾਂ ਹੀ ਪੰਜਾਬ ਵਿਚ ਵਾਲੰਟੀਅਰ ਕਨਵੈਨਸ਼ਨਾਂ ਕਰਨ ਦੀ ਲੜੀ ਚਲਾ ਰਿਹਾ ਹੈ। ਇਸ ਧੜੇ ਦੀ ਅਗਲੀ ਕਨਵੈਨਸ਼ਨ 9 ਸਤੰਬਰ ਨੂੰ ਪਟਿਆਲੇ ਹੋ ਰਹੀ ਹੈ। ਅਗਲੇ ਦਿਨੀਂ ‘ਆਪ’ ਵਿਚਲੀ ਫੁੱਟ ਹੋਰ ਉਭਰਨ ਦੇ ਅਸਾਰ ਹਨ।