ਸਕੂਲ ਬੱਸ ਪਲਟੀ; ਦਰਜਨ ਬੱਚੇ ਜ਼ਖ਼ਮੀ

ਪਿੰਡ ਬੁੱਢਣਵਾਲ ਦੇ ਨਜ਼ਦੀਕ ਸ੍ਰੀ ਗੁਰੂ ਰਾਮ ਰਾਇ ਮਾਤਾ ਪੰਜਾਬ ਕੌਰ ਸਕੂਲ ਨੰਗਲ ਅੰਬੀਆਂ ਦੀ ਸਕੂਲੀ ਬੱਸ ਦੇ ਪਲਟ ਜਾਣ ਕਾਰਨ ਉਸ ਵਿੱਚ ਸਵਾਰ ਕਰੀਬ ਇਕ ਦਰਜਨ ਬੱਚੇ ਜ਼ਖ਼ਮੀ ਹੋ ਗਏ।
ਜ਼ਖ਼ਮੀ ਬੱਚਿਆਂ ਵਿੱਚੋਂ 2 ਲੜਕੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਹ ਇਸ ਸਮੇਂ ਇੱਥੋਂ ਦੇ ਇਕ ਨਿਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਇਨ੍ਹਾਂ ਤੋਂ ਇਲਾਵਾ ਬਾਕੀ ਜ਼ਖ਼ਮੀ ਬੱਚਿਆਂ ਨੂੰ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਘਰਾਂ ਨੂੰ ਭੇਜ ਦਿੱਤਾ ਗਿਆ ਹੈ।
ਪੁਲੀਸ ਮੁਤਾਬਕ ਸ੍ਰੀ ਗੁਰੂ ਰਾਮ ਰਾਇ ਮਾਤਾ ਪੰਜਾਬ ਕੌਰ ਨੰਗਲ ਅੰਬੀਆਂ ਸਕੂਲ ਦੀ ਮਿੰਨੀ ਬੱਸ ਨੰਬਰ (ਐਚਆਰ-23 ਏ 8235) ਬਾਜਵਾ ਕਲਾਂ ਏਰੀਏ ਦੇ ਬੱਚਿਆਂ ਨੂੰ ਲੈ ਕੇ ਸਕੂਲ ਨੂੰ ਆ ਰਹੀ ਸੀ। ਜਿਉਂ ਹੀ ਬੱਸ ਪਿੰਡ ਬੁੱਢਣਵਾਲ ਦੇ ਨਜ਼ਦੀਕ ਪੁੱਜੀ ਤਾਂ ਬੱਸ ਬੇਕਾਬੂ ਹੋ ਕੇ ਖੇਤਾਂ ਵਿੱਚ ਜਾ ਡਿੱਗੀ।
ਬੱਸ ਦੇ ਪਲਟ ਜਾਣ ਕਾਰਨ ਕਰੀਬ ਇਕ ਦਰਜਨ ਬੱਚੇ ਜ਼ਖ਼ਮੀ ਹੋ ਗਏ। ਰਾਂਹਗੀਰਾਂ ਨੇ ਜ਼ਖ਼ਮੀਆਂ ਨੂੰ ਤੁਰੰਤ ਸ਼ਾਹਕੋਟ ਦੇ ਨਿਜੀ ਹਸਪਤਾਲ ਵਿੱਚ ਪਹੁੰਚਾਇਆ।
ਜ਼ਖ਼ਮੀ ਬੱਚੀ ਅਵਨੀਤ ਕੌਰ ਪੁੱਤਰੀ ਪਰਮਜੀਤ ਸਿੰਘ ਵਾਸੀ ਬਾਜਵਾ ਕਲਾਂ ਅਤੇ ਸਤਬੀਰ ਕੌਰ ਪੁੱਤਰੀ ਅਸ਼ੋਕਪਾਲ ਵਾਸੀ ਬੁੱਢਣਵਾਲ ਦੀ ਹਾਲਤ ਨਾਜ਼ੁਕ ਹੋਮ ਕਾਰਨ ਉਹ ਇਸ ਸਮੇਂ ਇੱਥੋਂ ਦੇ ਇਕ ਨਿਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਇਨ੍ਹਾਂ ਤੋਂ ਇਲਾਵਾ ਹੋਰ ਬਾਕੀ ਜ਼ਖ਼ਮੀ ਬੱਚਿਆਂ ਦਾ ਮੁਢਲਾ ਇਲਾਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਭੇਜ ਦਿੱਤਾ ਗਿਆ ਹੈ। ਜਿਵੇਂ ਹੀ ਬੱਸ ਦੇ ਪਲਟਣ ਬਾਰੇ ਬੱਚਿਆਂ ਦੇ ਮਾਪਿਆਂ ਨੂੰ ਪਤਾ ਲੱਗਾ ਉਹ ਵੀ ਤੁਰੰਤ ਹਸਪਤਾਲ ਵਿੱਚ ਪਹੁੰਚ ਗਏ ਸਨ।
ਘਟਨਾ ਦੀ ਜਾਂਚ ਕਰ ਰਹੇ ਏ.ਐਸ.ਆਈ. ਲਾਭ ਨੇ ਦੱਸਿਆ ਕਿ ਇਹ ਹਾਦਸਾ ਬੱਸ ਦੀ ਰਫਤਾਰ ਤੇਜ਼ ਹੋਣ ਕਾਰਨ ਵਾਪਰਿਆ ਹੈ।
ਉਨ੍ਹਾਂ ਕਿਹਾ ਕਿ ਡਰਾਈਵਰ ਹਰਮਨਪ੍ਰੀਤ ਸਿੰਘ ਪੁੱਤਰ ਅੰਮ੍ਰਿਤਪਾਲ ਸਿੰਘ ਵਾਸੀ ਨੰਗਲ ਅੰਬੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।