ਕਰਜ਼ਦਾਰ ਨਗਰ ਸੁਧਾਰ ਟਰੱਸਟ ਦਾ ਸਟੇਡੀਅਮ ਸੀਲ

ਨਗਰ ਸੁਧਾਰ ਟਰੱਸਟ ਵੱਲੋਂ ਪੰਜਾਬ ਨੈਸ਼ਨਲ ਬੈਂਕ ਤੋਂ ਲਏ ਗਏ 105 ਕਰੋੜ ਤੋਂ ਵੱਧ ਦੇ ਕਰਜ਼ੇ ਕਾਰਨ ਬੈਂਕ ਨੇ ਟਰੱਸਟ ਅਧੀਨ ਚੱਲਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਸੰਕੇਤਕ ਤੌਰ ’ਤੇ ਸੀਲ ਕਰ ਦਿੱਤਾ ਹੈ।
ਪੰਜਾਬ ਨੈਸ਼ਨਲ ਬੈਂਕ ਨੇ ਉਥੇ ਸਟੇਡੀਅਮ ਦੀ ਕੰਧ ’ਤੇ ਵੀ ਸਪੱਸ਼ਟ ਲਿਖ ਦਿੱਤਾ ਹੈ ਕਿ ‘ਸਰਫੇਸੀ ਐਕਟ 2002 ਤਹਿਤ ਸੰਪਤੀ ’ਤੇ ਸੰਕੇਤਕ ਕਬਜ਼ਾ ਲੈ ਲਿਆ ਹੈ। ਇਸ ਦੇ ਕੰਪਲੈਕਸ ਵਿਚ ਕਿਸੇ ਨੂੰ ਵੀ ਪ੍ਰਵੇਸ਼ ਕਰਨ ਦੀ ਮਨਾਹੀ ਹੈ। ਇਸ ਸਟੇਡੀਅਮ ਦੀ ਕੁੱਲ ਜ਼ਮੀਨ 77 ਕਨਾਲ 18 ਮਰਲੇ 120 ਫੁੱਟ ਹੈ।’ ਇਸ ਦੇ ਨਾਲ ਹੀ ਬੈਂਕ ਨੇ ਇਕ ਨੋਟਿਸ ਵੀ ਚਿਪਕਾ ਦਿੱਤਾ ਹੈ। ਇਹ ਨੋਟਿਸ ਬੈਂਕ ਦੇ ਸਹਾਇਕ ਜਨਰਲ ਮੈਨੇਜਰ ਕੈਲਾਸ਼ ਚੰਦਰ ਗਗਰਾਨੀ ਦੇ ਦਸਤਖਤਾਂ ਹੇਠ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਨਗਰ ਸੁਧਾਰ ਟਰੱਸਟ ਦੀਆਂ 400 ਕਰੋੜ ਤੋਂ ਵੱਧ ਦੀ ਜਾਇਦਾਦਾਂ ਬੈਂਕ ਕੋਲ ਗਹਿਣੇ ਹਨ। ਸਟੇਡੀਅਮ ਦੀ ਕੀਮਤ 288 ਕਰੋੜ ਦੱਸੀ ਜਾ ਰਹੀ ਹੈ। ਨੋਟਿਸ ਲੱਗਣ ਤੋਂ ਬਾਅਦ ਬੈਂਕ ਇਸ ਨੂੰ ਵੇਚਣ ਦੀ ਕਾਨੂੰਨੀ ਤੌਰ ’ਤੇ ਸਮਰੱਥਾ ਰੱਖਦਾ ਹੈ।
ਨਗਰ ਸੁਧਾਰ ਟਰੱਸਟ ਨੂੰ ਬੈਂਕ ਨੇ ਜੁਲਾਈ ਵਿਚ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ ਸਨ। 12 ਜੁਲਾਈ ਤੋਂ 15 ਅਗਸਤ ਤੱਕ 1 ਕਰੋੜ 40 ਲੱਖ ਰੁਪਏ ਜਮ੍ਹਾਂ ਕਰਵਾਏ ਸਨ।
ਨਗਰ ਸੁਧਾਰ ਟਰੱਸਟ ਨੇ 2011 ਵਿਚ 94.97 ਏਕੜ ਸੂਰਯਾ ਇਨਕਲੇਵ ਐਕਸਟੈਨਸ਼ਨ ਸਕੀਮ ਲਈ ਵੀ 175 ਕਰੋੜ ਰੁਪਏ ਕਰਜ਼ਾ ਲਿਆ ਸੀ। ਇਹ ਸਕੀਮ ਬੁਰੀ ਤਰ੍ਹਾਂ ਫੇਲ੍ਹ ਹੋ ਗਈ ਸੀ, ਜਿਸ ਕਾਰਨ ਟਰੱਸਟ ਉੱਪਰ ਕਰਜ਼ੇ ਦਾ ਬੋਝ ਵਧਦਾ ਗਿਆ।