ਸੀਵਰੇਜ ਜਾਮ ਤੋਂ ਪ੍ਰੇਸ਼ਾਨ ਲੋਕਾਂ ਨੇ ਨਿਗਮ ਦਫ਼ਤਰ ਵਿੱਚ ਸੁੱਟੀ ਗਾਰ

ਸੀਵਰੇਜ ਜਾਮ ਤੋਂ ਪ੍ਰੇਸ਼ਾਨ ਵਾਰਡ ਨੰਬਰ 28 ਦੇ ਪ੍ਰੇਮ ਨਗਰ ਇਲਾਕੇ ਦੇ ਲੋਕਾਂ ਦਾ ਗੁੱਸਾ ਸੋਮਵਾਰ ਨੂੰ ਨਗਰ ਨਿਗਮ ਦੇ ਅਧਿਕਾਰੀਆਂ ’ਤੇ ਫੁੱਟਿਆ। ਲੋਕਾਂ ਨੇ ਪਹਿਲਾਂ ਤਾਂ ਪ੍ਰਦਰਸ਼ਨ ਕਰਕੇ ਨਗਰ ਨਿਗਮ ਮੁਲਾਜ਼ਮਾਂ ਦਾ ਘਿਰਾਓ ਕੀਤਾ ਤੇ ਫਿਰ ਸੀਵਰੇਜ ਦੀ ਗਾਰ ਤੇ ਕੂੜਾ ਇਕੱਠਾ ਕਰਕੇ ਨਗਰ ਨਿਗਮ ਦੇ ਬੀ ਜ਼ੋਨ ਦੇ ਦਫ਼ਤਰ ਪੁੱਜ ਗਏ। ਉੱਥੇ ਉਨ੍ਹਾਂ ਨੇ ਬਾਲਟੀਆਂ ਵਿੱਚ ਭਰੀ ਗੰਦਗੀ ਨਗਰ ਨਿਗਮ ਦਫ਼ਤਰ ਦੇ ਮੁੱਖ ਗੇਟ, ਲਾਬੀ ਤੇ ਸੁਪਰਡੈਂਟ ਦੇ ਕਮਰੇ ਵਿੱਚ ਸੁੱਟ ਦਿੱਤੀ। ਕੁਝ ਸ਼ਰਾਰਤੀ ਪ੍ਰਦਰਸ਼ਨਕਾਰੀਆਂ ਨੇ ਗੰਦਗੀ ਦੀਆਂ ਬਾਲਟੀਆਂ ਨੂੰ ਸੁਵਿਧਾ ਸੈਂਟਰ ’ਚ ਸੁੱਟਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਨਗਰ ਨਿਗਮ ਦਫ਼ਤਰ ’ਚ ਮੌਜੂਦ ਅਧਿਕਾਰੀਆਂ ਨੇ ਪੁਲੀਸ ਨੂੰ ਫੋਨ ਕੀਤਾ। ਪੁਲੀਸ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਮੌਕੇ ’ਤੇ ਪੁੱਜੀ ਅਤੇ ਲਾਠੀਚਾਰਜ ਕੀਤਾ। ਇਸ ਦੌਰਾਨ ਪੁਲੀਸ ਨੇ ਕੁਝ ਲੋਕਾਂ ਨੂੰ ਹਿਰਾਸਤ ’ਚ ਵੀ ਲਿਆ, ਜਿਨ੍ਹਾਂ ਨੂੰ ਥਾਣਾ ਡਿਵੀਜ਼ਨ ਨੰਬਰ 3 ’ਚ ਭੇਜਿਆ ਗਿਆ ਹੈ। ਖਬਰ ਲਿਖੇ ਜਾਣ ਤੱਕ ਪੁਲੀਸ ਨੇ ਕਿਸੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਸੀ ਪਰ ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਪ੍ਰਦਰਸ਼ਨਕਾਰੀਆਂ ਦੇ ਇਸ ਵਰਤਾਅ ਲਈ ਮਾਮਲਾ ਜ਼ਰੂਰ ਦਰਜ ਕਰਵਾਉਣਗੇ। ਜਾਣਕਾਰੀ ਅਨੁਸਾਰ ਵਾਰਡ ਨੰਬਰ 28 ਸਥਿਤ ਪ੍ਰੇਮ ਨਗਰ ਇਲਾਕੇ ’ਚ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਜਾਮ ਦੀ ਸਮੱਸਿਆ ਸੀ। ਲੋਕਾਂ ਦਾ ਦੋਸ਼ ਹੈ ਕਿ ਉਹ ਇਸ ਬਾਰੇ ’ਚ ਕਈ ਵਾਰ ਇਲਾਕਾ ਕੌਂਸਲਰ ਤੇ ਨਗਰ ਨਿਗਮ ਨੂੰ ਸ਼ਿਕਾਇਤ ਦੇ ਚੁੱਕੇ ਹਨ, ਪਰ ਕੋਈ ਸੁਣਵਾਈ ਨਹੀਂ ਹੋਈ। ਇਸ ਤੋਂ ਬਾਅਦ ਲੋਕਾਂ ਨੇ ਸੋਮਵਾਰ ਨੂੰ ਨਗਰ ਨਿਗਮ ਅਧਿਕਾਰੀਆਂ ਨੂੰ ਦੁਬਾਰਾ ਸ਼ਿਕਾਇਤ ਕੀਤੀ। ਸਵੇਰੇ ਨਗਰ ਨਿਗਮ ਕਰਮਚਾਰੀ ਸੀਵਰੇਜ ਦੀ ਸਫ਼ਾਈ ਕਰਨ ਲਈ ਮੌਕੇ ’ਤੇ ਗਏ ਪਰ ਜਦੋਂ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਲੋਕਾਂ ਨੇ ਮੌਕੇ ’ਤੇ ਹੀ ਨਗਰ ਨਿਗਮ ਕਰਮੀਆਂ ਨੂੰ ਘੇਰ ਲਿਆ ਤੇ ਨਾਅਰੇਬਾਜ਼ੀ ਕੀਤੀ। ਇਕੱਠੇ ਹੋਏ ਲੋਕ ਸ਼ਿੰਗਾਰ ਸਿਨੇਮਾ ਕੋਲ ਸਥਿਤ ਨਗਰ ਨਿਗਮ ਦਫ਼ਤਰ ਜ਼ੋਨ-ਬੀ ’ਚ ਪੁੱਜ ਗਏ। ਉਨ੍ਹਾਂ ਪਹਿਲਾਂ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕੀਤੀ ਤੇ ਉਸ ਤੋਂ ਬਾਅਦ ਇਲਾਕੇ ’ਚੋਂ ਸੀਵਰੇਜ ਦੀ ਗਾਰ ਦੀਆਂ ਭਰੀਆਂ ਬਾਲਟੀਆਂ ਤੇ ਡਰੰਮ ਭਰ ਕੇ ਨਗਰ ਨਿਗਮ ਦੀ ਲਾਬੀ ’ਚ ਪਲਟ ਦਿੱਤੇ। ਲੋਕਾਂ ਦਾ ਗੁੱਸਾ ਇੱਥੇ ਹੀ ਸ਼ਾਂਤ ਨਹੀਂ ਹੋਇਆ, ਉਹ ਗੰਦਗੀ ਦੀਆਂ ਬਾਲਟੀਆਂ ਲੈ ਕੇ ਸੁਪਰਡੈਂਟ ਅਬਦੁੱਲ ਦੇ ਕਮਰੇ ’ਚ ਗਏ, ਜਿਥੇ ਉਨ੍ਹਾਂ ਬਹਿਸ ਦੌਰਾਨ ਗੰਦਗੀ ਉਨ੍ਹਾਂ ਦੇ ਕਮਰੇ ’ਚ ਸੁੱਟ ਦਿੱਤੀ। ਕੁਝ ਪ੍ਰਦਰਸ਼ਨਕਾਰੀ ਗੰਦਗੀ ਦੀਆਂ ਬਾਲਟੀਆਂ ਲੈ ਕੇ ਸੁਵਿਧਾ ਸੈਂਟਰ ਪੁੱਜ ਗਏ। ਉਥੇ ਵੀ ਉਨ੍ਹਾਂ ਗੰਦਗੀ ਸੁੱਟਣ ਦੀ ਕੋਸ਼ਿਸ਼ ਕੀਤੀ, ਪਰ ਸੁਵਿਧਾ ਸੈਂਟਰ ਦੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਹੈ। ਨਿਗਮ ਅਧਿਕਾਰੀਆਂ ਨੇ ਤੁਰੰਤ ਜਾਣਕਾਰੀ ਪੁਲੀਸ ਨੂੰ ਦਿੱਤੀ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਲੋਕ ਨਹੀਂ ਸਮਝੇ ਤਾਂ ਪੁਲੀਸ ਨੇ ਲੋਕਾਂ ’ਤੇ ਲਾਠੀਚਾਰਜ ਕਰਕੇ ਉਨ੍ਹਾਂ ਨੂੰ ਖਦੇੜ ਦਿੱਤਾ। ਉਧਰ, ਨਗਰ ਨਿਗਮ ਜ਼ੋਨ-ਬੀ ਦੇ ਜ਼ੋਨਲ ਕਮਿਸ਼ਨਰ ਜੇ.ਕੇ. ਜੈਨ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਬਿਲਕੁਲ ਬਰਦਾਸ਼ਤ ਯੋਗ ਨਹੀਂ ਹੈ। ਇਸ ਸਬੰਧੀ ਨਿਗਮ ਅਧਿਕਾਰੀਆਂ ਨੇ ਡਿਵੀਜ਼ਨ ਨੰ. 3 ’ਚ ਸ਼ਿਕਾਇਤ ਦਿੱਤੀ ਹੈ। ਇਸ ਮਾਮਲੇ ’ਚ ਏਸੀਪੀ ਸੈਂਟਰਲ ਵਰਿਆਮ ਸਿੰਘ ਨੇ ਕਿਹਾ ਕਿ ਮਾਮਲੇ ਦੀ ਸ਼ਿਕਾਇਤ ਉਨ੍ਹਾਂ ਕੋਲ ਆ ਚੁੱਕੀ ਹੈ। ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਇਲਾਕਾ ਕੌਂਸਲਰ ਪਰਮਜੀਤ ਸਿੰਘ ਗਰਚਾ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਸੀਵਰੇਜ ਜਾਮ ਦੀ ਸਮੱਸਿਆ ਤੋਂ ਲੋਕ ਪ੍ਰੇਸ਼ਾਨ ਤਾਂ ਸਨ, ਪਰ ਇਲਾਕਾ ਵਾਸੀਆਂ ਵੱਲੋਂ ਜੋ ਕੀਤਾ ਗਿਆ ਹੈ, ਉਹ ਗਲਤ ਹੈ।