ਕਰੋੜਾਂ ਦੀ ਹੈਰੋਇਨ ਸਣੇ ਇੱਕ ਗ੍ਰਿਫ਼ਤਾਰ

ਸੀਆਈਏ ਸਟਾਫ ਕਪੂਰਥਲਾ ਪੁਲੀਸ ਨੇ ਇਕ ਮੁਲਜ਼ਮ ਨੂੰ 310 ਗਰਾਮ ਹੈਰੋਇਨ ਸਮੇਤ ਮੋਟਰਸਾਈਕਲ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਅੱਜ ਇਥੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇੰਸਪੈਕਟਰ ਸੀਆਈਏ ਸਟਾਫ ਕਪੂਰਥਲਾ ਸੁਖਪਾਲ ਸਿੰਘ, ਮੁੱਖ ਅਫ਼ਸਰ ਥਾਣਾ ਕੋਤਵਾਲੀ ਇੰਸਪੈਕਟਰ ਹਰਗੁਰਦੇਵ ਸਿੰਘ ਅਤੇ ਇੰਸਪੈਕਟਰ ਥਾਣਾ ਸਿਟੀ ਕਪੂਰਥਲਾ ਨੇ ਦੱਸਿਆ ਪੁਲੀਸ ਪਾਰਟੀ ਵੱਲੋਂ ਕਪੂਰਥਲਾ ਰੋਡ ਬਾਦਸ਼ਾਹ ਪੁਰ ਮੋੜ ’ਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਸੇ ਦੌਰਾਨ ਇਕ ਵਿਅਕਤੀ ਬੁਲੇਟ ਮੋਟਰਸਾਈਕਲ ’ਤੇ ਆਉਂਦਾ ਵੇਖ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਪਿਛੇ ਮੁੜਨ ਲੱਗਿਆ ਡਿੱਗ ਪਿਆ ਅਤੇ ਉਸ ਵੱਲੋਂ ਭੱਜਣ ਦੀ ਕੋਸ਼ਿਸ਼ ਕਰਦੇ ਨੂੰ ਇੰਸਪੈਕਟਰ ਸੁਖਪਾਲ ਸਿੰਘ ਇੰਚਾਰਜ ਸੀਆਈਏ ਸਟਾਫ ਕਪੂਰਥਲਾ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਲਿਆ। ਉਸ ਦਾ ਨਾਂ ਪਤਾ ਪੁੱਛਿਆ ਤਾਂ ਮੁਲਜ਼ਮ ਨੇ ਆਪਣਾ ਨਾਂ ਜਸਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਅਵਤਾਰ ਸਿੰਘ ਕਪੂਰਥਲਾ ਦੱਸਿਆ।
ਪੁਲੀਸ ਅਨੁਸਾਰ ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ ਕਥਿਤ ਤੌਰ ’ਤੇ 310 ਗਰਾਮ ਹੈਰੋਇਨ ਬਰਾਮਦ ਹੋਈ ਹੈ।
ਪੁਲੀਸ ਅਨੁਸਾਰ ਬਰਾਮਦ ਹੋਈ ਹੈਰੋਇਨ ਦੀ ਇੰਟਰਨੈਸ਼ਨਲ ਮਾਰਕੀਟ ਵਿੱਚ ਕੀਮਤ ਕਰੋੜਾਂ ਰੁਪਏ ਵਿੱਚ ਹੈ। ਜਿਸ ’ਤੇ ਪੁਲੀਸ ਵੱਲੋਂ ਮੁਲਜ਼ਮ ਖ਼ਿਲਾਫ਼ ਮੁਕੱਦਮਾ ਨੰਬਰ 198 ਐਨਡੀਪੀਐਸ ਐਕਟ ਤਹਿਤ ਥਾਣਾ ਕੋਤਵਾਲੀ ਕਪੂਰਥਲਾ ਵਿੱਚ ਕੇਸ ਰਜਿਸਟਰ ਕਰ ਲਿਆ ਗਿਆ ਹੈ। ਪੁਲੀਸ ਅਨੁਸਾਰ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਪੰਜ ਮੁਕੱਦਮੇ ਵੱਖ ਵੱਖ ਥਾਣਿਆਂ ਵਿੱਚ ਦਰਜ ਹਨ।