ਸੰਨ੍ਹਮਾਰ ਗਰੋਹ ਦੇ ਤਿੰਨ ਮੈਂਬਰ ਤੇ ਸੁਨਿਆਰਾ ਗ੍ਰਿਫ਼ਤਾਰ

ਚੰਡੀਗੜ੍ਹ ਪੁਲੀਸ ਦੀ ਅਪਰਾਧ ਸ਼ਾਖਾ ਨੇ ਸੰਨ੍ਹਮਾਰ ਗਰੋਹ ਦੇ ਤਿੰਨ ਮੈਂਬਰਾਂ ਅਤੇ ਪਿੰਡ ਬਡਹੇੜੀ ਦੇ ਇਕ ਸੁਨਿਆਰੇ ਨੂੰ ਗ੍ਰਿਫ਼ਤਾਰ ਕਰ ਕੇ ਸ਼ਹਿਰ ਵਿਚਲੀਆਂ 16 ਕੋਠੀਆਂ ਵਿੱਚ ਸੰਨ੍ਹਾਂ ਲਾ ਕੇ 50 ਲੱਖ ਰੁਪਏ ਦੀ ਕੀਮਤ ਦੇ ਚੋਰੀ ਕੀਤੇ ਸੋਨੇ ਤੇ ਚਾਂਦੀ ਦੇ ਗਹਿਣੇ ਤੇ ਹੋਰ ਸਾਜ਼ੋ-ਸਾਮਾਨ ਬਰਾਮਦ ਕਰ ਲਿਆ ਹੈ।
ਗਰੋਹ ਦੇ ਤਿੰਨ ਮੈਂਬਰ ਦਿਨ ਵੇਲੇ ਵੱਡੀਆਂ ਕੋਠੀਆਂ ਵਾਲੇ ਸੈਕਟਰਾਂ ਵਿੱਚ ਕਾਰ ਰਾਹੀਂ ਗੇੜੀਆਂ ਲਾ ਕੇ ਤਾਲੇ ਲੱਗੇ ਘਰਾਂ ਦੀ ਸ਼ਨਾਖਤ ਕਰਦੇ ਸਨ ਅਤੇ ਦੋ-ਤਿੰਨ ਦਿਨ ਅਜਿਹੀਆਂ ਕੋਠੀਆਂ ਉਪਰ ਅੱਖ ਰੱਖ ਕੇ ਰਾਤ ਨੂੰ ਚੋਰੀਆਂ ਕਰਦੇ ਸਨ।
ਮੁਲਜ਼ਮਾਂ ਦੀ ਪਛਾਣ ਅੰਬਾਲਾ ਦੇ ਟੈਕਸੀ ਡਰਾਈਵਰ ਜਗਦੀਪ ਸਿੰਘ (24) ਅਤੇ ਪਲੌਸਰਾ ਦੇ ਕੈਟਰਰਿੰਗ ਕੰਪਨੀ ਦੇ ਵਰਕਰ ਸ਼ੰਕਰ ਥਾਪਾ (28) ਅਤੇ ਆਟੋ ਡਰਾਈਵਰ ਅਸ਼ੋਕ ਕੁਮਾਰ ਤਿਵਾੜੀ (27) ਵਜੋਂ ਹੋਈ ਹੈ। ਥਾਪਾ ਪਿੱਛੋਂ ਨੇਪਾਲ ਅਤੇ ਤਿਵਾੜੀ ਉੱਤਰ ਪ੍ਰਦੇਸ਼ ਨਾਲ ਸਬੰਧਤ ਹੈ। ਜ਼ਿਕਰਯੋਗ ਹੈ ਕਿ ਧੋਖਾਧੜੀ ਦੇ ਮਾਮਲੇ ਵਿੱਚ ਜਗਦੀਪ ਪਟਿਆਲਾ ਜੇਲ੍ਹ ਵਿੱਚ ਬੰਦ ਸੀ ਤਾਂ ਉਥੇ ਹੀ ਮਨੀਰ ਨਾਮ ਦੇ ਵਿਅਕਤੀ ਨੇ ਉਸ ਦਾ ਥਾਪਾ ਤੇ ਤਿਵਾੜੀ ਨਾਲ ਸੰਪਰਕ ਕਰਵਾਇਆ ਸੀ। ਜਗਦੀਪ ਕੋਲ ਬਲੈਨੋ ਤੇ ਆਲਟੋ ਦੋ ਕਾਰਾਂ ਹਨ ਅਤੇ ਮੁਲਜ਼ਮ ਇਨ੍ਹਾਂ ਰਾਹੀਂ ਹੀ ਗੇੜੀਆਂ ਲਾ ਕੇ ਤਾਲਾ ਲੱਗੇ ਘਰਾਂ ਦੀ ਸ਼ਨਾਖਤ ਕਰਦੇ ਸਨ। ਤਿੰਨੋਂ ਮੁਲਜ਼ਮ ਮਹਿੰਗੀ ਸ਼ਰਾਬ ਪੀਣ ਅਤੇ ਬਰਾਂਡਿਡ ਕਪੜੇ ਪਾਉਣ ਸਮੇਤ ਜੂਆ ਖੇਡਣ ਦੇ ਆਦੀ ਸਨ। ਚੌਥਾ ਮੁਲਜ਼ਮ ਗੁਰਮਿੰਦਰ ਸਿੰਘ ਉਰਫ ਹੈਪੀ ਮੁਹਾਲੀ ਦਾ ਵਸੀਨਕ ਹੈ ਅਤੇ ਉਸ ਦੀ ਚੰਡੀਗੜ੍ਹ ਦੇ ਪਿੰਡ ਬਡਹੇੜੀ ਵਿੱਚ ਗਹਿਣਿਆਂ ਦੀ ਦੁਕਾਨ ਹੈ। ਐਸਪੀ (ਅਪਰਾਧ ਤੇ ਅਪਰੇਸ਼ਨ) ਆਰਕੇ ਸਿੰਘ, ਡੀਐਸਪੀ (ਅਪਰਾਧ) ਪਵਨ ਕੁਮਾਰ ਅਤੇ ਅਪਰਾਧ ਸ਼ਾਖਾ ਦੇ ਇੰਚਾਰਜ ਇੰਸਪੈਕਟਰ ਅਮਨਜੋਤ ਸਿੰਘ ਨੇ ਦੱਸਿਆ ਕਿ ਸੰਨ੍ਹਮਾਰਾਂ ਨੇ ਜਿਊਲਰ ਗੁਰਮਿੰਦਰ ਨੂੰ ਚੋਰੀ ਕੀਤੇ ਕੁਝ ਗਹਿਣੇ ਵੇਚੇ ਸਨ, ਜਿਸ ਦੇ ਸਬੰਧ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ ਸੈਕਟਰ-34 ਸਥਿਤ ਕੋਠੀ ਵਿਚਲੇ ਦਫਤਰ ਨੂੰ 2 ਜੁਲਾਈ ਨੂੰ ਸੰਨ੍ਹ ਲਾਈ ਸੀ। ਸੱਨ੍ਹ ਲਾਉਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਇਹ ਤਾਂ ਗਾਇਕ ਦਾ ਦਫਤਰ ਹੈ। ਉਥੋਂ ਮੁਲਜ਼ਮਾਂ ਦੇ ਹੱਥ ਕੁਝ ਨਹੀਂ ਲੱਗਾ ਸੀ ਪਰ ਦਫਤਰ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਣ ਕਾਰਨ ਮੁਲਜ਼ਮਾਂ ਨੇ ਡੀਵੀਆਰ ਚੋਰੀ ਕਰ ਲਿਆ ਸੀ, ਜੋ ਬਰਾਮਦ ਕਰ ਲਿਆ ਗਿਆ ਹੈ।
ਇਸੇ ਤਰਾਂ ਮੁਲਜ਼ਮਾਂ ਨੇ ਸੈਕਟਰ-36 ਵਿੱਚ ਇਕ ਡਾਕਟਰ ਦੀ ਕੋਠੀ ਨੂੰ 19 ਜੂਨ ਨੂੰ ਸੰਨ੍ਹ ਲਾ ਕੇ 18 ਲੱਖ ਰੁਪਏ ਦੇ ਗਹਿਣੇ, ਨਕਦੀ ਤੇ ਹੋਰ ਸਮਾਨ ਚੋਰੀ ਕੀਤਾ ਸੀ। ਮੁਲਜ਼ਮਾਂ ਨੂੰ 20 ਅਗਸਤ ਨੂੰ ਗ੍ਰਿਫਤਾਰ ਕਰਕੇ 4 ਦਿਨਾਂ ਦਾ ਪੁਲੀਸ ਰਿਮਾਂਡ ਲਿਆ ਗਿਆ ਸੀ ਅਤੇ ਉਨ੍ਹਾਂ ਪੁੱਛ-ਪੜਤਾਲ ਦੌਰਾਨ ਮੰਨਿਆ ਹੈ ਕਿ ਉਨ੍ਹਾਂ ਨੇ ਮੁਹਾਲੀ ਦੇ ਫੇਜ਼-11 ਵਿਚਲੇ ਘਰ ਵਿਚੋਂ ਦੋਨਾਲੀ ਬੰਦੂਕ, ਇਕ ਕੈਮਰਾ ਅਤੇ ਸੋਨੇ ਦੇ ਗਹਿਣੇ ਚੋਰੀ ਕੀਤੇ ਹਨ। ਮੁਲਜ਼ਮ ਤਿਵਾੜੀ ਨੇ ਦੱਸਿਆ ਹੈ ਕਿ ਉਸ ਨੇ ਦੋਨਾਲੀ ਅਯੁੱਧਿਆ ਦੇ ਇਕ ਵਿਅਕਤੀ ਨੂੰ ਦਿੱਤੀ ਹੈ। ਇਸ ਦੀ ਜਾਣਕਾਰੀ ਮੁਹਾਲੀ ਪੁਲੀਸ ਨੂੰ ਦੇ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਵੀ ਥਾਪਾ ਬੁੜੈਲ ਜੇਲ੍ਹ ਅਤੇ ਤਿਵਾੜੀ ਰੋਪੜ ਜੇਲ੍ਹ ਵਿੱਚ ਰਹਿ ਚੁੱਕੇ ਹਨ। ਇੰਸਪੈਕਟਰ ਅਮਨਜੋਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਸੋਨੇ ਤੇ ਹੀਰਿਆਂ ਦੇ ਗਹਿਣਿਆਂ ਤੋਂ ਇਲਾਵਾ ਦੋ ਐਲਈਡੀਜ਼, ਇਕ ਡੀਵੀਆਰ, ਕਾਰਾਂ ਦੀਆਂ 5 ਚਾਬੀਆਂ, 7 ਘੜੀਆਂ ਤੇ ਦੋ ਬੈਗਾਂ ਸਮੇਤ 1.50 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ।