‘ਆਪ’ ਵਿਧਾਇਕ ਦਲ ਦੀ ਮੀਟਿੰਗ ਤੋਂ ਬਾਗੀ ਧੜੇ ਵੱਲੋਂ ‘ਕਿਨਾਰਾ’

ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਵੱਲੋਂ 24 ਅਗਸਤ ਨੂੰ ਇਥੇ ਸੱਦੀ ਵਿਧਾਇਕ ਦਲ ਦੀ ਮੀਟਿੰਗ ਵਿੱਚ ਬਾਗੀ ਧੜੇ ਨਾਲ ਜੁੜੇ 8 ਵਿਧਾਇਕ ਸ਼ਾਮਲ ਨਹੀਂ ਹੋਣਗੇ।
ਸੂਤਰਾਂ ਅਨੁਸਾਰ ਸ੍ਰੀ ਚੀਮਾ ਵੱਲੋਂ ਪਾਰਟੀ ਨਾਲ ਸਬੰਧਤ ਸਮੂਹ 20 ਵਿਧਾਇਕਾਂ ਨੂੰ 24 ਅਗਸਤ ਨੂੰ ਹੋ ਰਹੀ ਮੀਟਿੰਗ ਦੀ ਸੂਚਨਾ ਦੇ ਦਿੱਤੀ ਗਈ ਹੈ। ਹੋਰ ਜਾਣਕਾਰੀ ਅਨੁਸਾਰ ਸ੍ਰੀ ਚੀਮਾ ਨੇ ਅੱਜ ਆਪਣੀ ਪਾਰਟੀ ਦੇ 20 ਵਿਧਾਇਕਾਂ ਨੂੰ ਸੀਟਾਂ ਅਲਾਟ ਕਰਨ ਲਈ ਆਪਣੀ ਤਜਵੀਜ਼ ਵੀ ਵਿਧਾਨ ਸਭਾ ਦੇ ਸਪੀਕਰ ਨੂੰ ਸੌਂਪ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਸ੍ਰੀ ਚੀਮਾ ਨੇ ਬਾਗੀ ਧਿਰ ਵੱਲੋਂ ਬਣਾਏ ਆਰਜ਼ੀ ਪ੍ਰਧਾਨ ਤੇ ਵਿਰੋਧੀ ਧਿਰ ਦੇ ਲੀਡਰ ਦੇ ਅਹੁਦੇ ਤੋਂ ਹਟਾਏ ਸੁਖਪਾਲ ਸਿੰਘ ਖਹਿਰਾ ਨੂੰ ਪਿਛਲੀ ਸੀਟ ਅਲਾਟ ਕਰਨ ਦੀ ਤਜਵੀਜ਼ ਸਪੀਕਰ ਨੂੰ ਦਿੱਤੀ ਹੈ। ਇਸੇ ਤਰ੍ਹਾਂ ਬਾਗੀ ਧੜੇ ਦੇ ਬੁਲਾਰੇ ਕੰਵਰ ਸੰਧੂ ਨੂੰ ਵੀ ਪਿਛਲੀ ਸੀਟ ਅਲਾਟ ਕਰਨ ਦੀ ਤਜਵੀਜ਼ ਦੇਣ ਦੀ ਸੂਚਨਾ ਮਿਲੀ ਹੈ। ਦੱਸਣਯੋਗ ਹੈ ਕਿ ਪਹਿਲਾਂ ਵਿਰੋਧੀ ਧਿਰ ਦੇ ਆਗੂ ਵਜੋਂ ਸ੍ਰੀ ਖਹਿਰਾ ਨੂੰ ਤਾਂ ਸਭ ਤੋਂ ਮੂਹਰਲੀ ਸੀਟ ਮਿਲਣੀ ਸੁਭਾਵਕ ਸੀ ਪਰ ਸ੍ਰੀ ਸੰਧੂ ਨੂੰ ਵੀ ਅਗਲੀ ਸੀਟ ਹੀ ਅਲਾਟ ਕੀਤੀ ਗਈ ਸੀ। ਇਸੇ ਤਰ੍ਹਾਂ ਸ੍ਰੀ ਚੀਮਾ ਦੇ ਹੱਥ ਕਮਾਨ ਆਉਣ ਤੋਂ ਬਾਅਦ ਵਿਧਾਨ ਸਭਾ ਵਿੱਚ ਬਾਗੀ ਧਿਰ ਨਾਲ ਜੁੜੇ ਹੋਰ ਵਿਧਾਇਕਾਂ ਦੀਆਂ ਸੀਟਾਂ ਪਿੱਛੇ ਖਿਸਕਣ ਦੇ ਸੰਕੇਤ ਹਨ। ਦੱਸਣਯੋਗ ਹੈ ਕਿ ਖਹਿਰਾ ਦੇ ਧੜੇ ਵੱਲੋਂ ਜਿਥੇ ਪਾਰਟੀ ਦੀ ਪੰਜਾਬ ਇਕਾਈ ਨੂੰ ਭੰਗ ਕਰਨ ਦਾ ਵੱਡਾ ਐਲਾਨ ਕੀਤਾ ਸੀ ਉਥੇ ਸ੍ਰੀ ਚੀਮਾ ਦੀ ਨਿਯੁਕਤੀ ਨੂੰ ਵੀ ਰੱਦ ਕਰ ਦਿੱਤਾ ਸੀ, ਜਿਸ ਕਾਰਨ ਦੋਵਾਂ ਧਿਰਾਂ ਵਿਚਕਾਰ ਭਾਰੀ ਕੁੜੱਤਣ ਪੈਦਾ ਹੋ ਚੁੱਕੀ ਹੈ। ਸੰਪਰਕ ਕਰਨ ’ਤੇ ਬਾਗੀ ਧੜੇ ਦੇ ਬੁਲਾਰੇ ਕੰਵਰ ਸੰਧੂ ਨੇ ਕਿਹਾ ਕਿ ਸ੍ਰੀ ਚੀਮਾ ਵੱਲੋਂ 24 ਅਗਸਤ ਨੂੰ ਸੱਦੀ ਵਿਧਾਇਕ ਦਲ ਦੀ ਮੀਟਿੰਗ ਵਿਚ ਸ਼ਾਮਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਵੱਲੋਂ ਬਠਿੰਡਾ ਵਿੱਚ ਕੀਤੀ ਕਨਵੈਨਸ਼ਨ ਦੌਰਾਨ 6 ਮਤੇ ਪਾਸ ਕੀਤੇ ਸਨ, ਜਿਨ੍ਹਾਂ ਵਿਚ ਇਕ ਮਤੇ ਰਾਹੀਂ ਸ੍ਰੀ ਚੀਮਾ ਦੀ ਵਿਰੋਧੀ ਧਿਰ ਦੇ ਲੀਡਰ ਵਜੋਂ ਕੀਤੀ ਨਿਯੁਕਤੀ ਰੱਦ ਕਰਕੇ ਲੋਕਤੰਤਰ ਢੰਗ ਨਾਲ ਚੋਣ ਕਰਵਾਉਣ ਦੀ ਮੰਗ ਕੀਤੀ ਗਈ ਹੈ। ਇਸ ਕਾਰਨ ਉਨ੍ਹਾਂ ਦਾ ਧੜਾ ਤਾਂ ਸ੍ਰੀ ਚੀਮਾ ਨੂੰ ਆਪਣਾ ਲੀਡਰ ਹੀ ਨਹੀਂ ਮੰਨਦਾ, ਫਿਰ ਉਨ੍ਹਾਂ ਵੱਲੋਂ ਸੱਦੀ ਮੀਟਿੰਗ ਵਿਚ ਸ਼ਾਮਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸ੍ਰੀ ਸੰਧੂ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਨੂੰ ਮੀਟਿੰਗ ਦਾ ਸੱਦਾ ਵੀ ਨਹੀਂ ਮਿਲਿਆ। ਸ੍ਰੀ ਸੰਧੂ ਅਨੁਸਾਰ ਉਨ੍ਹਾਂ ਨੂੰ ਅਧਿਕਾਰਤ ਤੌਰ ’ਤੇ ਵਿਧਾਨ ਸਭਾ ਵਿਚ ਉਨ੍ਹਾਂ ਦੀਆਂ ਸੀਟਾਂ ਪਿੱਛੇ ਅਲਾਟ ਕਰਨ ਦੀ ਕੋਈ ਜਾਣਕਾਰੀ ਨਹੀਂ ਹੈ ਪਰ ਜੇ ਇਹ ਸੱਚ ਹੈ ਤਾਂ ਗਲਤ ਕੀਤਾ ਜਾ ਰਿਹਾ ਹੈ। ਸ੍ਰੀ ਸੰਧੂ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਵਿਧਾਨ ਸਭਾ ਵਿਚ ਸਾਰੇ ਮੁੱਖ ਮੁੱਦਿਆਂ ਉਪਰ ਆਪਣੀ ਪਾਰਟੀ ਵੱਲੋਂ ਉਹ ਹੀ ਬਹਿਸ ਦੀ ਸ਼ੁਰੂਆਤ ਕਰਦੇ ਆ ਰਹੇ ਹਨ, ਇਸ ਲਈ ਉਨ੍ਹਾਂ ਨੂੰ ਵੀ ਜੇ ਪਿਛਲੀ ਸੀਟ ’ਤੇ ਸ਼ਿਫਟ ਕੀਤਾ ਹੈ ਤਾਂ ਗਲਤ ਪਿਰਤ ਪਾਈ ਗਈ ਹੈ।