ਕੇਰਲਾ ਵਿੱਚ ਅਗਸਤ ਮਹੀਨੇ ਪਿਆ ਰਿਕਾਰਡ ਮੀਂਹ

ਨਵੀਂ ਦਿੱਲੀ, ਕੇਰਲਾ ਵਿੱਚ 17 ਅਗਸਤ ਤਕ ਮੌਨਸੂਨ ਦੌਰਾਨ ਰਿਕਾਰਡ 170 ਫੀਸਦੀ ਵਧ ਮੀਂਹ ਪਿਆ ਹੈ, ਜੋ ਜੂਨ ਸਤੰਬਰ ਸੀਜ਼ਨ ਦੌਰਾਨ ਇਸ ਤਰੀਕ ਤਕ 42 ਫੀਸਦੀ ਵਧ ਹੈ। ਲਗਾਤਾਰ ਪੈ ਰਹੇ ਮੋਹਲੇਧਾਰ ਮੀਂਹ ਨਾਲ ਬੰਨ੍ਹ ਦੀਆਂ ਝੀਲਾਂ ਪਾਣੀ ਨਾਲ ਭਰ ਗਈਆਂ ਹਨ, ਜਿਸ ਨੇ ਅਧਿਕਾਰੀਆਂ ਨੂੰ ਭਾਰੀ ਗਿਣਤੀ ਵਿੱਚ ਪਾਣੀ ਛੱਡਣ ਲਈ ਮਜਬੂਰ ਕਰ ਦਿੱਤਾ ਹੈ। ਮੀਂਹ ਤੇ ਬੰਨ੍ਹ ਤੋਂ ਪਾਣੀ ਛੱਡੇ ਜਾਣ ਕਾਰਨ ਨਦੀਆਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਇਹ ਜਾਣਕਾਰੀ ਮੌਸਮ ਵਿਭਾਗ ਨੇ ਦਿੱਤੀ ਹੈ। ਮੌਸਮ ਵਿਭਾਗ ਦੇ ਵਧੀਕ ਡਾਇਰੈਕਟਰ ਜਨਰਲ ਐਮ ਮੋਹਪਾਤਰਾ ਨੇ ਦੱਸਿਆ ਕਿ ਇਹ ਪਿਛਲੇ 150 ਵਰ੍ਹਿਆਂ ਵਿੱਚ ਸਭ ਤੋਂ ਵਧ ਹੈ। ਇਸ ਤੋਂ ਪਹਿਲਾਂ ਤਟਵਰਤੀ ਸੂਬੇ ਵਿੱਚ 1931 ਵਿੱਚ ਰਿਕਾਰਡ 175 ਫੀਸਦੀ ਵਧ ਮੀਂਹ ਪਏ ਸਨ। ਵਾਤਾਵਰਨ ਪ੍ਰੇਮੀਆਂ ਨੇ ਕੇਰਲਾ ਦੇ ਹੜ੍ਹਾਂ ਨੂੰ ਕੁਦਰਤ ਨਾਲ ਕੀਤੇ ਖਿਲਵਾੜ ਦਾ ਸਿੱਟਾ ਗਰਦਾਨਿਆ ਹੈ। ਸ੍ਰੀ ਮੋਹਪਾਤਰਾ ਨੇ ਦੱਸਿਆ ਕਿ ਪੂਰੇ ਮੌਨਸੂਨ ਸੀਜ਼ਨ (1 ਜੂਨ ਤੋਂ 19 ਅਗਸਤ) ਦੌਰਾਨ ਬੇਮਿਸਾਲ ਮੋਹਲੇਧਾਰ ਮੀਂਹ ਪਿਆ ਹੈ। ਕੇਰਲਾ ਵਿੱਚ ਹੁਣ ਤਕ 2346.6 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਹੈ ਜੋ ਆਮ ਨਾਲੋਂ 42 ਫੀਸਦੀ ਵਧ ਹੈ। ਇਡੁਕੀ (ਆਮ ਨਾਲੋਂ 92 ਫੀਸਦੀ ਵਧ) ਅਤੇ ਪਲੱਕੜ (ਆਮ ਨਾਲੋਂ 72 ਫੀਸਦੀ ਵਧ) ਜ਼ਿਲ੍ਹਿਆਂ ਵਿੱਚ ਸਭ ਤੋਂ ਵਧ ਮੀਂਹ ਪਿਆ ਹੈ। ਅਗਸਤ 1 ਤੋਂ 19 ਤਰੀਕ ਵਿਚਾਲੇ 758.6 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਅਗਸਤ ਵਿੱਚ ਪਏ ਮੋਹਲੇਧਾਰ ਮੀਂਹ ਨੇ ਸਭਨਾਂ ਨੂੰ ਹੈਰਾਨ ਕਰ ਦਿੱਤਾ ਹੈ। ਜੁਲਾਈ ਦੇ ਅੰਤ ਤਕ ਆਮ ਨਾਲੋਂ ਵਧ ਮੀਂਹ ਪੈਣ ਕਾਰਨ ਸਾਰੇ ਮੁੱਖ 35 ਜਲਘਰ ਪੂਰੀ ਤਰ੍ਹਾਂ ਭਰ ਗਏ ਸਨ ਤੇ ਉਹ ਹੋਰ ਵਧੇਰੇ ਪਾਣੀ ਸਾਂਭਣ ਵਿੱਚ ਅਸਮਰਥ ਸਨ। ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਵਿੱਚ ਮੀਂਹ ਘਟਣ ਦੀ ਪੇਸ਼ੀਨਗੋਈ ਕੀਤੀ ਹੈ।
ਮੋਹਪਾਤਰਾ ਨੇ ਦੱਸਿਆ ਕਿ ਉੜੀਸਾ ਅਤੇ ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਅਤੇ ਮੌਨਸੂਨ ਹਵਾਵਾਂ ਦੇ ਸੰਗਮ ਕਾਰਨ ਭਾਰੀ ਮੀਂਹ ਪਿਆ ਹੈ। ਸਾਇੰਸ ਅਤੇ ਐਨਵਾਇਰਨਮੈਂਟ ਕੇਂਦਰ ਦੇ ਡਿਪਟੀ ਡਾਇਰੈਕਟਰ ਜਨਰਲ ਚੰਦਰ ਭੂਸ਼ਣ ਨੇ ਕਿਹਾ ਕਿ ਮੌਜੂਦਾ ਹਾਲਾਤ ਦਰਸਾਉਂਦੇ ਹਨ ਕਿ ਆਪਦਾ ਪ੍ਰਬੰਧਨ ਅਤੇ ਮੌਸਮੀ ਬਦਲਾਅ ਦੀ ਅਨੁਕੂਲਤਾ ਲਈ ਭਾਰਤ ਵਿੱਚ ਹਾਲੇ ਬਹੁਤ ਕੰਮ ਕਰਨ ਵਾਲਾ ਹੈ।