ਕੇਰਲਾ ’ਚ ਹਰ ਪਾਸੇ ਪਾਣੀ ਹੀ ਪਾਣੀ

ਕੇਰਲਾ ਵਿੱਚ ਹੜ੍ਹ ਮਾਰੇ ਖੇਤਰਾਂ ਵਿੱਚ ਘਿਰੇ ਲੋਕ ਜ਼ਿੰਦਾ ਰਹਿਣ ਲਈ ਜੱਦੋਜਹਿਦ ਕਰ ਰਹੇ ਹਨ। ਰਾਜ ਵਿੱਚ ਮੀਂਹਾਂ ਤੇ ਹੜ੍ਹਾਂ ਦੀ ਤਬਾਹੀ ਕਾਰਨ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਵਧ ਕੇ 370 ਹੋ ਗਈ ਹੈ। ਮੌਨਸੂਨ ਦੇ ਦੂਜੇ ਗੇੜ ਤਹਿਤ ਪਿਛਲੇ ਦਸ ਦਿਨਾਂ ਦੌਰਾਨ ਮੌਤਾਂ ਦੀ ਗਿਣਤੀ ਵਧ ਕੇ 197 ਹੋ ਗਈ ਹੈ।
ਅਲਾਪੁੜਾ, ਤ੍ਰਿਸੁਰ ਅਤੇ ਅਰਨਾਕੁਲਮ ਜ਼ਿਲਿਆਂ ਵਿੱਚ ਬਹੁਤ ਸਾਰੀਆਂ ਥਾਵਾਂ ’ਤੇ ਹੜ੍ਹ ਦਾ ਪਾਣੀ ਫੈਲਿਆ ਹੋਇਆ ਹੈ ਤੇ ਲੋਕ ਆਪੋ ਆਪਣੇ ਘਰਾਂ ਵਿੱਚ ਘਿਰੇ ਹੋਏ ਹਨ। ਸਭ ਤੋਂ ਵੱਧ ਮੌਤਾਂ ਇਡੁਕੀ ਜ਼ਿਲੇ ਵਿੱਚ ਹੋਈਆਂ ਹਨ ਜਿਥੇ ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 43 ਮੌਤਾਂ ਹੋ ਚੁੱਕੀਆਂ ਹਨ। ਮਾਲਾਪੁਰਮ ਵਿੱਚ 28 ਤੇ ਤ੍ਰਿਸੁਰ ਵਿੱਚ 27 ਮੌਤਾਂ ਹੋਈਆਂ ਹਨ। ਮਾਲੀਆ ਅਫ਼ਸਰਾਂ ਮੁਤਾਬਕ ਅਲਾਪੁੜਾ ਜ਼ਿਲੇ ਦੇ ਚੇਂਗਾਨੂਰ ਵਿੱਚ ਕਰੀਬ ਪੰਜ ਹਜ਼ਾਰ ਲੋਕ ਪਾਣੀ ਵਿੱਚ ਘਿਰੇ ਹੋਏ ਹਨ। ਰਾਜ ਭਰ ਵਿੱਚ ਛੇ ਲੱਖ ਤੋਂ ਜ਼ਿਆਦਾ ਲੋਕ ਰਾਹਤਕੈਂਪਾਂ ਵਿੱਚ ਰਹਿ ਰਹੇ ਹਨ। ਪਤਨਾਮਤਿੱਟਾ ਜ਼ਿਲੇ ਵਿੱਚ ਰਾਨੀ ਵਿਚਲੇ ਰਾਹਤ ਕੈਂਪ ਵਿੱਚ ਰਹਿ ਰਹੀ ਇਕ ਔਰਤ ਨੇ ਦੱਸਿਆ ‘‘ ਇਹ ਸਾਡਾ ਦੂਜਾ ਜਨਮ ਹੋਇਆ ਹੈ। ਸਾਨੂੰ ਚਾਰ ਦਿਨ ਖਾਣ ਲਈ ਕੁਝ ਨਹੀਂ ਮਿਲਿਆ ਤੇ ਸਾਡੇ ਚਾਰੇ ਪਾਸੇ ਠੋਢੀ ਤੱਕ ਪਾਣੀ ਹੀ ਪਾਣੀ ਸੀ।’’ ਅਰਨਾਕੁਲਮ ਜ਼ਿਲੇ ਵਿੱਚ ਪਾਰਾਵੁਰ ਵਿਖੇ ਇਕ ਗਿਰਜਾਘਰ ਦਾ ਇਕ ਹਿੱਸਾ ਢਹਿਣ ਕਾਰਨ ਛੇ ਜਣਿਆਂ ਦੇ ਮਾਰੇ ਜਾਣ ਦੀ ਸੂਚਨਾ ਹੈ ਪਰ ਸਰਕਾਰੀ ਤੌਰ ’ਤੇ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਖੇਤੀਬਾੜੀ ਮੰਤਰੀ ਵੀਐਸ ਸੁਨੀਲ ਕੁਮਾਰ ਨੇ ਕਿਹਾ ਕਿ ਕਰਿਵਾਨੁਰ ਨਦੀ ਦਾ ਰੁਖ਼ ਤਬਦੀਲ ਹੋਣ ਕਰ ਕੇ ਤ੍ਰਿਸੁਰ ਵਿੱਚ ਕੋਲੇ ਜਲਗਾਹ ਖੇਤਰ ਦੇ 42 ਪਿੰਡ ਪਾਣੀ ਵਿੱਚ ਘਿਰੇ ਹੋਏ ਹਨ। ਇਸ ਦੌਰਾਨ, ਕੋਚੀ ਨੇਵਲ ਹਵਾਈਅੱਡੇ ਤੋਂ ਤਜਾਰਤੀ ਉਡਾਣਾਂ ਭਲਕੇ ਮੁੜ ਸ਼ੁਰੂ ਹੋਣਗੀਆਂ। ਰੇਲਵੇ ਵੱਲੋਂ ਘੱਟੋਘੱਟ 18 ਉਡਾਣਾਂ ਰੱਦ ਕੀਤੀਆਂ ਗਈਆਂ ਹਨ, 9 ਗੱਡੀਆਂ ਅੰਸ਼ਕ ਰੂਪ ਵਿੱਚ ਰੱਦ ਕੀਤੀਆਂ ਗਈਆਂ ਹਨ ਤੇ ਅੱਜ ਕੰਨਿਆਕੁਮਾਰੀ-ਮੁੰਬਈ ਸੀਐਸਟੀ ਐਕਸਪ੍ਰੈਸ ਵਾਇਆ ਨਾਗਰਕੋਇਲ, ਤਿਰੂਨੇਲਵਲੀ, ਮਦੁਰਾਈ, ਡਿੰਡੀਗੁਲ ਤੇ ਇਰੋਡ ਦਾ ਰਸਤਾ ਬਦਲਿਆ ਗਿਆ ਹੈ। ਥਲ ਸੈਨਾ, ਨੇਵੀ, ਹਵਾਈ ਸੈਨਾ, ਕੋਸਟ ਗਾਰਡ ਅਤੇ ਐਨਡੀਆਰਐਫ ਦੇ ਕਰਮੀ ਤੇ ਸੈਂਕੜੇ ਮਛੇਰੇ ਤੇ ਮੁਕਾਮੀ ਲੋਕ ਬਚਾਓ ਤੇ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ।