ਕਿਲੋ ਹੈਰੋਇਨ ਸਮੇਤ ਔਰਤ ਸਣੇ ਤਿੰਨ ਮੁਲਜ਼ਮ ਕਾਬੂ

ਬਾਹਰੀ ਸੂਬਿਆਂ ਤੋਂ ਹੈਰੋਇਨ ਲਿਆ ਕੇ ਪੇਂਡੂ ਇਲਾਕਿਆਂ ਵਿੱਚ ਸਪਲਾਈ ਕਰਨ ਵਾਲੀ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਲੁਧਿਆਣਾ ਐੱਸਟੀਐੱਫ਼ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਪਿੰਡ ਫਤਹਿਪੁਰ ਗੁੱਜਰਾਂ ਕੋਲੋਂ ਨਾਕਾਬੰਦੀ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਪੁਲੀਸ ਨੇ ਇੱਕ ਕਿਲੋ ਹੈਰੋਇਨ ਤੇ 32 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਮਾਮਲੇ ’ਚ ਪੁਲੀਸ ਨੇ ਥਾਣਾ ਸਲੇਮ ਟਾਬਰੀ ’ਚ ਪਿੰਡ ਕੁਤਬੇਵਾਲ ਦੀ ਔਰਤ ਤਸਕਰ ਅਮਨਦੀਪ ਕੌਰ ਉਰਫ਼ ਅਮਨਾ, ਪਿੰਡ ਤਲਵੰਡੀ ਕਲਾਂ ਵਾਸੀ ਰਣਜੀਤ ਸਿੰਘ ਉਰਫ਼ ਸੋਨੂੰ ਤੇ ਹਰਚੰਦ ਲਾਲ ਉਰਫ਼ ਚੰਦ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਤਿੰਨੋਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ’ਚ ਲੱਗੀ ਹੋਈ ਹੈ।
ਐੱਸਟੀਐੱਫ਼ ਦੇ ਜ਼ਿਲ੍ਹਾ ਇੰਚਾਰਜ ਸਬ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਐੱਸਆਈ ਜਸਪਾਲ ਸਿੰਘ ਦੀ ਅਗਵਾਈ ’ਚ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਤਿੰਨੋਂ ਮੁਲਜ਼ਮ ਆਪਣੀ ਮਾਰੂਤੀ ਸਿਲੇਰੀਓ ਕਾਰ ’ਚ ਆ ਰਹੇ ਸਨ।
ਪੁਲੀਸ ਨੇ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੁਲਜ਼ਮਾਂ ਨੇ ਗੱਡੀ ਰੋਕਣ ਦੀ ਥਾਂ ’ਤੇ ਭਜਾ ਲਈ। ਪੁਲੀਸ ਨੇ ਪਿੱਛਾ ਕਰ ਕੇ ਮੁਲਜ਼ਮਾਂ ਨੂੰ ਕੁਝ ਦੂਰੀ ’ਤੇ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ’ਚੋਂ ਹੈਰੋਇਨ ਤੇ ਡਰੱਗ ਮਨੀ ਬਰਾਮਦ ਹੋਈ। ਪੁਲੀਸ ਪੁੱਛਗਿੱਛ ’ਚ ਰਣਜੀਤ ਨੇ ਦੱਸਿਆ ਕਿ ਉਹ ਕੋਈ ਕੰਮ ਧੰਦਾ ਨਹੀਂ ਕਰਦਾ ਸੀ ਅਤੇ ਇਸ ਕਾਰਨ ਉਸ ਨੇ ਪਿਛਲੇ ਪੰਜ ਸਾਲਾਂ ਤੋਂ ਹੈਰੋਇਨ ਦਾ ਧੰਦਾ ਸ਼ੁਰੂ ਕਰ ਦਿੱਤਾ। ਮੁਲਜ਼ਮ ਚੰਦ ਵੀ ਪਿਛਲੇ ਕਾਫ਼ੀ ਸਮੇਂ ਤੋਂ ਉਸ ਨਾਲ ਹੈਰੋਇਨ ਤਸਕਰੀ ਦੇ ਧੰਦੇ ਨਾਲ ਜੁੜਿਆ ਹੋਇਆ ਹੈ। ਮੁਲਜ਼ਮ ਔਰਤ ਅਮਨਾ ਘਰੇਲੂ ਮਹਿਲਾ ਹੈ ਤੇ ਜ਼ਿਆਦਾ ਪੈਸੇ ਕਮਾਉਣ ਦੇ ਚੱਕਰ ’ਚ ਉਸ ਨੇ ਮੁਲਜ਼ਮਾਂ ਨਾਲ ਮਿਲ ਕੇ ਪਿਛਲੇ ਛੇ ਮਹੀਨਿਆਂ ਤੋਂ ਹੈਰੋਇਨ ਤਸਕਰੀ ਦਾ ਧੰਦਾ ਸ਼ੁਰੂ ਕਰ ਦਿੱਤਾ ਸੀ। ਪੁਲੀਸ ਅਨੁਸਾਰ ਮੁਲਜ਼ਮਾਂ ਨੇ ਵੱਖ-ਵੱਖ ਇਲਾਕਿਆਂ ਤੋਂ ਹੈਰੋਇਨ ਲਿਆ ਕੇ ਮਹਾਂਨਗਰ ’ਚ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ ਸੀ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ’ਚ ਲੱਗੀ ਹੋਈ ਹੈ।