ਸਾਊਦੀ ਅਰਬ ’ਚ ਸਾਲਾਨਾ ਹੱਜ ਦੀ ਸ਼ੁਰੂਆਤ ਐਤਵਾਰ ਨੂੰ ਹੋ ਰਹੀ ਹੈ। ਦੁਨੀਆ ਭਰ ਤੋਂ 16 ਲੱਖ ਤੋਂ ਵੱਧ ਹੱਜ ਸ਼ਰਧਾਲੂ ਇਥੇ ਪਹੁੰਚ ਚੁੱਕੇ ਹਨ। ਮਿਸਰ ਤੋਂ ਆਏ ਇਮਾਦ ਅਬਦੁਲ ਰਹੀਮ ਨੇ ਕਿਹਾ,‘‘ਹੱਜ ਕਰਨ ਦੇ ਇਸ ਅਹਿਸਾਸ ਨੂੰ ਮੈਂ ਲਫ਼ਜ਼ਾਂ ’ਚ ਬਿਆਨ ਨਹੀਂ ਕਰ ਸਕਦਾ।’’ ਉਨ੍ਹਾਂ ਕਿਹਾ ਕਿ ਉਹ ਸਾਰੇ ਮੁਸਲਿਮ ਮੁਲਕਾਂ, ਫਲਸਤੀਨ, ਬਰਮਾ, ਅਫ਼ਗਾਨਿਸਤਾਨ ਅਤੇ ਹਿੰਦੁਸਤਾਨ ’ਚ ਰਹਿਣ ਵਾਲਿਆਂ ਲਈ ਦੁਆ ਮੰਗਣਾ ਚਾਹੁੰਦਾ ਹੈ। ਮੱਕਾ ਪੁੱਜ ਰਹੇ ਵੱਖ ਵੱਖ ਮੁਲਕਾਂ ਦੇ ਲੋਕਾਂ ਨੂੰ ਵੱਖਰੀ ਪਛਾਣ ਲਈ ਵੱਖ ਵੱਖ ਰੰਗ ਦੇ ਕੱਪੜਿਆਂ ’ਚ ਦੇਖਿਆ ਜਾ ਸਕਦਾ ਹੈ। ਇਸ ਮਗਰੋਂ ਉਨ੍ਹਾਂ ਦੇ ਲਿਬਾਸ ਬਦਲ ਜਾਂਦੇ ਹਨ ਅਤੇ ਮਰਦ ਸਫ਼ੇਦ ਚੋਗੇ ਪਹਿਨਣ ਲਗਦੇ ਹਨ ਜੋ ਖੁਦਾ ਦੇ ਸਾਹਮਣੇ ਬੰਦੇ ਦੀ ਬਰਾਬਰੀ ਨੂੰ ਦਿਖਾਉਂਦਾ ਹੈ। ਹੱਜ ਲਈ ਆਈਆਂ ਔਰਤਾਂ ਢਿੱਲਾ ਜਿਹਾ ਚੋਗਾ ਪਹਿਨਦੀਆਂ ਹਨ। ਉਹ ਸਾਦਗੀ ਨਾਲ ਆਪਣੇ ਕੇਸ ਢੱਕਦੀਆਂ ਹਨ ਅਤੇ ਮੇਕਅੱਪ ਤੇ ਨਹੁੰਆਂ ’ਤੇ ਪਾਲਿਸ਼ ਆਦਿ ਤੋਂ ਪਰਹੇਜ਼ ਕਰਦੀਆਂ ਹਨ। ਮੱਕਾ ਪੁੱਜਣ ਮਗਰੋਂ ਹੱਜ ਯਾਤਰੀ ਕਾਬਾ ਵੱਲ ਵਧਣਾ ਸ਼ੁਰੂ ਕਰਦੇ ਹਨ। ਕਾਬਾ ਅੱਲ੍ਹਾ ਦੇ ਘਰ ਅਤੇ ਖੁਦਾ ਦਾ ਇਕ ਰੂਪਕ ਹੈ। ਦੁਨੀਆ ਭਰ ’ਚ ਮੁਸਲਮਾਨ ਉਸ ਤਰਫ਼ ਮੂੰਹ ਕਰਕੇ ਪੰਜ ਵਕਤ ਦੀ ਨਮਾਜ਼ ਅਦਾ ਕਰਦੇ ਹਨ। ਮੱਕੇ ’ਚ ਇਬਾਦਤ ਮਗਰੋਂ ਹੱਜ ਯਾਤਰੀ ਅਰਾਫ਼ਾਤ ਪਰਬਤ ਦੇ ਇਲਾਕੇ ’ਚ ਜਾਣਗੇ।
World ਹੱਜ ਲਈ ਦੁਨੀਆ ਭਰ ਤੋਂ ਲੱਖਾਂ ਸ਼ਰਧਾਲੂ ਮੱਕਾ ਪੁੱਜੇ