ਸੜਕ ਹਾਦਸੇ ’ਚ ਨਵ ਵਿਆਹੇ ਜੋੜੇ ਦੀ ਮੌਤ

ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਅੱਜ ਦੁਪਹਿਰੇ ਪਿੰਡ ਹਰਸੀ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਨਵ ਵਿਆਹੇ ਜੋੜੇ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਦੁਪਹਿਰ 12 ਵਜੇ ਦੇ ਕਰੀਬ ਵਾਪਰਿਆ ਜਦੋਂ ਦਸੂਹਾ ਵੱਲ ਜਾ ਰਹੀ ਕਾਰ ਸੜਕ ਕਿਨਾਰੇ ਖੜ੍ਹੇ ਟਰਾਲੇ ਨਾਲ ਟਕਰਾ ਗਈ। ਟੱਕਰ ਏਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਹਾਦਸੇ ਤੋਂ ਬਾਅਦ ਰਾਹਗੀਰਾਂ ਅਤੇ ਪਾਵਰ ਗਰਿੱਡ ਦੇ ਕਰਮਚਾਰੀ ਦਿਨੇਸ਼ ਕੁਮਾਰ ਅਤੇ ਰਜਿੰਦਰ ਕੁਰਾਲਾ ਨੇ ਗੰਭੀਰ ਜਖ਼ਮੀ ਸਿੱਧ ਰਾਜ ਸਿੰਘ ਰਾਣਾ ਪੁੱਤਰ ਵੀਰ ਪੁਸ਼ਕਰ ਸਿੰਘ ਰਾਣਾ ਅਤੇ ਉਸ ਦੀ ਪਤਨੀ ਅਨੀਤਾ ਨਿਵਾਸੀ ਪਿੰਡ ਤੋਏ (ਦਸੂਹਾ) ਨੂੰ ਸਰਕਾਰੀ ਹਸਪਤਾਲ ਲਿਆਂਦਾ, ਜਿਥੇ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ। ਸਿੱਧ ਰਾਜ ਇੰਗਲੈਂਡ ਤੋਂ ਆਇਆ ਸੀ ਅਤੇ ਉਸ ਦਾ ਇਸੇ ਮਹੀਨੇ ਪਹਿਲੀ ਅਗਸਤ ਨੂੰ ਵਿਆਹ ਹੋਇਆ ਸੀ। ਟਾਂਡਾ ਪੁਲੀਸ ਨੇ ਟਰਾਲੇ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।