ਹਿੰਸਾ ਨਾਲੋਂ ਅਹਿੰਸਾ ਵੱਧ ਤਾਕਤਵਰ: ਕੋਵਿੰਦ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਦੇਸ਼ ਵਾਸੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਸਾਨੂੰ ‘ਇਸ ਅਹਿਮ ਮੌਕੇ’ ਵਿਵਾਦਮਈ ਮੁੱਦਿਆਂ ਤੇ ਫ਼ਜ਼ੂਲ ਬਹਿਸਾਂ ਨੂੰ ਆਪਣਾ ਧਿਆਨ ਭੰਗ ਕਰਨ ਦੀ ਇਜਾਜ਼ਤ ਨਾ ਦਿੰਦਿਆਂ ਦੇਸ਼ ਦੀ ਭਲਾਈ ਵਿੱਚ ਜੁਟੇ ਰਹਿਣ। ਉਨ੍ਹਾਂ ਕਿਹਾ ਕਿ ਇਹ ਉਹ ਮੌਕਾ ਹੈ, ਜਦੋਂ ਅਸੀਂ ਆਪਣੇ ਚਿਰਾਂ ਤੋਂ ਉਡੀਕੇ ਜਾ ਰਹੇ ਟੀਚਿਆਂ ਨੂੰ ਸਰ ਕਰਨ ਦੇ ਕਰੀਬ ਹੈ। ਦੇਸ਼ ਦੇ 72ਵੇਂ ਆਜ਼ਾਦੀ ਦਿਹਾੜੇ ਦੀ ਪੂਰਬਲੀ ਸ਼ਾਮ ਕੌਮ ਦੇ ਨਾਂ ਆਪਣੇ ਸੰਦੇਸ਼ ਵਿੱਚ ਸ੍ਰੀ ਕੋਵਿੰਦ ਨੇ ਦੇਸ਼ ਵਾਸੀਆਂ ਨੂੰ ਮਹਾਤਮਾ ਗਾਂਧੀ ਦਾ ਸੰਦੇਸ਼ ਚੇਤੇ ਕਰਾਇਆ ਕਿ ‘ਅਹਿੰਸਾ’ ਦੀ ਸ਼ਕਤੀ ‘ਹਿੰਸਾ’ ਨਾਲੋਂ ਕਿਤੇ ਵੱਧ ਹੁੰਦੀ ਹੈ।
ਦੇਸ਼ ਵਿੱਚ ਹਾਲ ਹੀ ’ਚ ਹਜੂਮੀ ਕਤਲਾਂ ਵਰਗੀਆਂ ਵਾਪਰੀਆਂ ਵੱਡੀ ਗਿਣਤੀ ਘਟਨਾਵਾਂ ਦੇ ਹਵਾਲੇ ਨਾਲ ਰਾਸ਼ਟਰਪਤੀ ਨੇ ਕਿਹਾ, ‘‘ਆਪਣੇ ਹੱਥਾਂ ਨੂੰ ਰੋਕ ਲੈਣ ਦੀ ਸ਼ਕਤੀ, ਉਨ੍ਹਾਂ ਨਾਲ ਕਿਸੇ ਨੂੰ ਮਾਰਨ ਨਾਲੋਂ ਵੱਡੀ ਹੈ ਅਤੇ ਸਮਾਜ ਵਿੱਚ ‘ਹਿੰਸਾ’ ਲਈ ਕੋਈ ਥਾਂ ਨਹੀਂ ਹੋ ਸਕਦੀ।’’ ਇਸ ਮੌਕੇ ਅਨੇਕਾਂ ਅਹਿਮ ਮੁੱਦਿਆਂ ’ਤੇ ਬੋਲਦਿਆਂ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਔਰਤਾਂ ਵੀ ਆਪਣੀ ਮਨਮਰਜ਼ੀ ਦੀ ਜ਼ਿੰਦਗੀ ਜਿਉਣ ਦੀਆਂ ਹੱਕਦਾਰ ਹਨ। ਉਨ੍ਹਾਂ ਕਿਹਾ, ‘‘ਅਸੀਂ ਆਪਣੇ ਇਤਿਹਾਸ ਵਿੱਚ ਅਜਿਹੇ ਮੋੜ ਉਤੇ ਹਾਂ, ਜਿਹੜਾ ਇਸ ਤੋਂ ਪਹਿਲਾਂ ਸਾਨੂੰ ਪੇਸ਼ ਆਏ ਕਿਸੇ ਵੀ ਦੌਰ ਤੋਂ ਅਲੱਗ ਹੈ। ਅਸੀਂ ਆਪਣੇ ਚਿਰਾਂ ਤੋਂ ਉਡੀਕੇ ਜਾ ਰਹੇ ਅਨੇਕਾਂ ਟੀਚਿਆਂ ਨੂੰ ਸਰ ਕਰਨ ਦੇ ਕਰੀਬ ਹਾਂ।’’ ਉਨ੍ਹਾਂ ਇਸ ਸਬੰਧੀ ਸਾਰਿਆਂ ਨੂੰ ਬਿਜਲੀ ਮਿਲਣ, ਖੁੱਲ੍ਹੇ ’ਚ ਪਾਖ਼ਾਨਾ ਜਾਣ ਦੇ ਖ਼ਾਤਮੇ, ਬੇਘਰਿਆਂ ਨੂੰ ਘਰ ਮਿਲਣ ਆਦਿ ਦੇ ਸਰਕਾਰੀ ਦਾਅਵੇ ਗਿਣਾਏ ਤੇ ਨਾਲ ਹੀ ਕਿਹਾ ਕਿ ਛੇਤੀ ਹੀ ਬਹੁਤ ਜ਼ਿਆਦਾ ਗੁਰਬਤ ਦਾ ਵੀ ਖ਼ਾਤਮਾ ਸੰਭਵ ਹੈ। ਉਨ੍ਹਾਂ ਦੇਸ਼ ਨੂੰ ਅੰਨ ਸੁਰੱਖਿਆ ਮੁਹੱਈਆ ਕਰਾਉਣ ਲਈ ਕਿਸਾਨਾਂ ਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਹਥਿਆਰਬੰਦ ਫ਼ੌਜਾਂ ਤੇ ਪੁਲੀਸ ਦੇ ਰੋਲ ਦੀ ਵੀ ਸ਼ਲਾਘਾ ਕੀਤੀ।