ਕਾਂਗਰਸ ਦੀ ਸਿਆਸੀ ਬਦਲੇਖੋਰੀ ਕਾਰਨ ਹੋ ਰਹੇ ਨੇ ਕਤਲ: ਮਜੀਠੀਆ

ਸਾਬਕਾ ਅਕਾਲੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਇਥੇ ਰਾਜ ਦੀ ਅਮਨ ਕਾਨੂੰਨ ਦੀ ਨਾਜ਼ੁਕ ਸਥਿਤੀ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਰਾਜ ਵਿੱਚ ਦਿਨ-ਦਿਹਾੜੇ ਹੋ ਰਹੇ ਕਤਲਾਂ ਪਿਛੇ ਕਾਂਗਰਸ ਦੀ ਸਿਆਸੀ ਬਦਲਾਖੋਰੀ ਅਤੇ ਸ਼ਹਿ ਸ਼ਾਮਲ ਹੈ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਕਾਂਗਰਸ ਪੰਚਾਇਤੀ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਗੈਂਗਸਟਰਾਂ ਨੂੰ ਵਰਤੇਗੀ ਅਤੇ ਅਗਾਮੀ ਲੋਕ ਸਭਾ ਚੋਣਾਂ ਵਿੱਚ ਵੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਗੈਰ-ਸਮਾਜੀ ਤੱਤਾਂ ਰਾਹੀਂ ਦਹਿਸ਼ਤ ਫੈਲਾਏਗੀ। ਇਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਮਜੀਠੀਆ ਨੇ ਬਟਾਲਾ ਨੇੜਲੇ ਪਿੰਡ ਵਿੱਚ ਈਸਾਈ ਭਾਈਚਾਰੇ ਨਾਲ ਸਬੰਧਤ ਇੱਕ 8 ਸਾਲਾ ਲੜਕੀ ਦੇ ਜਬਰ-ਜਨਾਹ ਮਗਰੋਂ ਹੋਏ ਕਤਲ ਅਤੇ ਖਿਆਲਾ ਕਲਾਂ ਵਿੱਚ ਕਤਲ ਹੋਏ ਸਾਬਕਾ ਅਕਾਲੀ ਸਰਪੰਚ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਕੋਹ-ਕੋਹ ਕੇ ਮਾਰੀ ਬੱਚੀ ਦੀ ਲਾਸ਼ ਇੱਕ ਕਾਂਗਰਸੀ ਦੇ ਘਰੋਂ ਬਰਾਮਦ ਹੋਈ ਅਤੇ ਹੁਣ ਉਸ ਦੇ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਅੱਜ ਤੱਕ ਕੋਈ ਕਾਂਗਰਸੀ ਵਜ਼ੀਰ ਜਾਂ ਲੀਡਰ ਪਰਿਵਾਰ ਦੀ ਸਾਰ ਲੈਣ ਨਹੀਂ ਗਿਆ। ਉਨ੍ਹਾਂ ਕਿਹਾ ਕਿ ਪੁਲੀਸ ਕਾਰਵਾਈ ਤੋਂ ਸੰਤੁਸ਼ਟ ਨਾ ਹੋਣ ਦੀ ਸਥਿਤੀ ਵਿੱਚ ਅਕਾਲੀ ਦਲ ਠੋਸ ਕਾਰਵਾਈ ਕਰੇਗਾ।
ਸ੍ਰੀ ਮਜੀਠੀਆ ਨੇ ਕਿਹਾ ਕਿ ਖਿਆਲਾ ਕਲਾਂ ਦੇ ਸਾਬਕਾ ਸਰਪੰਚ ਸਰਬਜੀਤ ਸਿੰਘ ਦਾ ਕਤਲ ਵੀ ਕਾਂਗਰਸ ਆਗੂਆਂ ਦੀ ਸ਼ਹਿ ’ਤੇ ਹੋਇਆ ਹੈ। ਉਨ੍ਹਾਂ ਪਿੰਡ ਉਦੋਕੇ ਦੇ ਸਾਬਕਾ ਸਰਪੰਚ ਸੰਦੀਪ ਸਿੰਘ ਨੂੰ ਪੱਤਰਕਾਰਾਂ ਸਾਹਮਣੇ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਕਾਂਗਰਸ ਦੀ ਸ਼ਹਿ ਨਾਲ ਇਕ ਗੈਰਸਮਾਜੀ ਤੱਤ ਵੱਲੋਂ ਸਾਬਕਾ ਸਰਪੰਚ ਨੂੰ ਸਰਪੰਚੀ ਦੀ ਚੋਣ ਨਾ ਲੜਨ ਲਈ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਇਸ ਵਿਅਕਤੀ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦਾ ਸੈਸ਼ਨ ਤੁਰੰਤ ਬੁਲਾਏ ਜਾਣ ਦੀ ਲੋੜ ਹੈ। ਉਨ੍ਹਾਂ ਕਾਂਗਰਸ ’ਤੇ ਦੋਸ਼ ਲਾਇਆ ਕਿ ਉਹ ਰਾਇਸ਼ੁਮਾਰੀ-2020 ਰਾਹੀਂ ਪੰਜਾਬ ਵਿੱਚ ਮਾਹੌਲ ਵਿਗਾੜ ਕੇ ਪਹਿਲਾਂ ਵਾਲੇ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।