ਉਪ ਸਭਾਪਤੀ ਚੋਣ: ਐਨਡੀਏ ਉਮੀਦਵਾਰ ਦਾ ਪੱਲੜਾ ਭਾਰੀ

ਉਪਰਲੇ ਸਦਨ ਰਾਜ ਸਭਾ ’ਚ ਉਪ ਸਭਾਪਤੀ ਦੇ ਅਹੁਦੇ ਲਈ ਕੱਲ ਹੋਣ ਵਾਲੀ ਚੋਣ ’ਚ ਹੁਕਮਰਾਨ ਉਮੀਦਵਾਰ ਹਰੀਵੰਸ਼ ਦਾ ਪੱਲੜਾ ਭਾਰੀ ਦਿਖਾਈ ਦੇ ਰਿਹਾ ਹੈ। ਉਨ੍ਹਾਂ ਨੂੰ ਵਿਰੋਧੀ ਧਿਰ ਦੇ ਬੀ ਕੇ ਹਰੀਪ੍ਰਸਾਦ ਦੇ ਮੁਕਾਬਲੇ ਅੱਧੇ ਤੋਂ ਜ਼ਿਆਦਾ ਵੋਟਾਂ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਭਾਜਪਾ ਸੂਤਰਾਂ ਨੇ ਕਿਹਾ ਕਿ ਜਨਤਾ ਦਲ (ਯੂ) ਦੇ ਹਰੀਵੰਸ਼ ਨੂੰ 244 ਮੈਂਬਰਾਂ ਵਾਲੇ ਸਦਨ ’ਚ 126 ਮੈਂਬਰਾਂ ਦੀ ਹਮਾਇਤ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸੰਸਦ ਮੈਂਬਰ ਹਰੀਪ੍ਰਸਾਦ ਨੂੰ 111 ਵੋਟਾਂ ਨਾਲ ਸਬਰ ਕਰਨਾ ਪੈ ਸਕਦਾ ਹੈ। ਦੋਵੇਂ ਉਮੀਦਵਾਰਾਂ ਨੇ ਅੱਜ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਅਤੇ ਕੱਲ ਸਵੇਰੇ 11 ਵਜੇ ਵੋਟਿੰਗ ਹੋਵੇਗੀ। ਭਾਜਪਾ ਆਗੂਆਂ ਦੀਆਂ ਗਿਣਤੀਆਂ-ਮਿਣਤੀਆਂ ਮੁਤਾਬਕ ਹਰੀਵੰਸ਼ ਨੂੰ ਐਨਡੀਏ ਦੇ 91 ਮੈਂਬਰਾਂ, ਤਿੰਨ ਨਾਮਜ਼ਦ ਉਮੀਦਵਾਰਾਂ ਅਤੇ ਅਮਰ ਸਿੰਘ ਦੀ ਵੋਟ ਦੇ ਨਾਲ ਹੀ ਅੰਨਾ ਡੀਐਮਕੇ (13), ਟੀਆਰਐਸ (6), ਵਾਈਐਸਆਰਸੀਪੀ (ਦੋ) ਅਤੇ ਇਨੈਲੋ (1) ਦੇ ਉਮੀਦਵਾਰਾਂ ਨੂੰ ਮਿਲਾ ਕੇ ਗਿਣਤੀ 117 ’ਤੇ ਪਹੁੰਚ ਜਾਵੇਗੀ। ਭਾਜਪਾ ਆਗੂਆਂ ਨੇ ਦਾਅਵਾ ਕੀਤਾ ਕਿ ਬੀਜੂ ਜਨਤਾ ਦਲ ਦੇ 9 ਮੈਂਬਰਾਂ ਦੀ ਵੀ ਹਾਕਮ ਧਿਰ ਨੂੰ ਹਮਾਇਤ ਮਿਲੇਗੀ ਜਿਸ ਨਾਲ ਇਹ ਗਿਣਤੀ 126 ਹੋ ਜਾਵੇਗੀ। ਹਰੀਵੰਸ਼ ਨੇ ਬੀਜੇਡੀ ਦੇ ਮੈਂਬਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਹਮਾਇਤ ਵੀ ਮੰਗੀ ਹੈ। ਪਾਰਟੀ ਨੇ ਸ਼ਿਵ ਸੈਨਾ ਨੂੰ ਵੀ ਮਨਾ ਲਿਆ ਹੈ ਅਤੇ ਉਨ੍ਹਾਂ ਨੂੰ ਵੀ ਐਨਡੀਏ ਉਮੀਦਵਾਰ ਨੂੰ ਵੋਟ ਪਾਉਣ ਦਾ ਐਲਾਨ ਕੀਤਾ ਹੈ। ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਵਿਜੇ ਗੋਇਲ ਨੇ ਕਿਹਾ ਕਿ ਹਰੀਵੰਸ਼ ਆਸਾਨੀ ਨਾਲ ਚੋਣ ਜਿੱਤ ਜਾਣਗੇ। ਉਧਰ ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੇ ਪਹਿਲਾਂ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਨਾਲ ਮੁਲਾਕਾਤ ਕਰਕੇ ਸਰਬਸੰਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਪੀਡੀਪੀ ਨੇ ਵੋਟਿੰਗ ਦੌਰਾਨ ਗ਼ੈਰ-ਹਾਜ਼ਰ ਰਹਿਣ ਦਾ ਫ਼ੈਸਲਾ ਕੀਤਾ ਹੈ।