ਕੇਵਲ ਸਾਂਵਰਾ ਕੌਮ ਦਾ ਮਹਾਨ ਕੌਮੀ ਕਲਾਕਾਰ ਸੀ –  ਸੂਬਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ

ਫੋਟੋ ਕੈਪਸ਼ਨ – ਸਵ. ਕੇਵਲ ਸਾਂਵਰਾ ਜੀ ਫਾਈਲ ਫੋਟੋ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਬਸਪਾ ਸਮੇਤ ਵੱਖ-ਵੱਖ ਵਰਗਾਂ ਦੇ ਵਿਅਕਤੀ  ।   (ਫੋਟੋ: ਚੁੰਬਰ)

ਸ਼ਾਮਚੁਰਾਸੀ,  (ਚੁੰਬਰ) – ਇਤਿਹਾਸਕ ਪਿੰਡ ਬਾਹੜੋਵਾਲ ਨੇੜੇ ਬੰਗਾ ਵਿਚ ਬਹੁਜਨ ਸਮਾਜ ਪਾਰਟੀ ਦੇ ਮਹਾਨ ਕਲਾਕਾਰ ਜੋ ਇਕੋ ਸਮੇਂ ਗੀਤਕਾਰ, ਕਵੀ, ਲੇਖਕ, ਗਾਇਕ, ਬੁਲਾਰੇ ਅਤੇ ਬੁੱਧੀਜੀਵੀ ਵਜੋਂ ਕੇਵਲ ਸਾਂਵਰਾ ਦੇ ਨਾਮ ਤੋਂ ਮਿਸ਼ਨ ਦੀ ਇਤਿਹਾਸਕ ਪਹਿਚਾਣ ਰੱਖਦੇ ਸਨ, ਦੇ ਸਦੀਵੀਂ ਵਿਛੋੜੇ ਉਪਰੰਤ ਉਨ੍ਹਾਂ ਨੂੰ ਅੰਤਿਮ ਅਰਦਾਸ ਮੌਕੇ ਦਲਿਤ ਸਮਾਜ ਦੇ ਆਗੂਆਂ ਵਲੋਂ ਭਾਵਭਿੰਨੀਆਂ ਸ਼ਰਧਾਜਲੀਆਂ ਭੇਂਟ ਕੀਤੀਆਂ ਗਈਆਂ। ਇਸ ਸਮਾਗਮ ਵਿਚ ਜਿੱਥੇ ਕੇਵਲ ਸਾਂਵਰਾ ਜੀ ਦੇ ਮਿਸ਼ਨ ਵਿਚ ਪਾਏ ਯੋਗਦਾਨ ਦਾ ਜ਼ਿਕਰ ਕੀਤਾ ਗਿਆ। ਓਥੇ ਹੀ ਉਨ੍ਹਾਂ ਦੇ ਵਲੋਂ ਦਿੱਤੇ ਗਏ ਮਹਾਨ ਸਹਿਯੋਗ ਲਈ ਵੀ ਉਨ੍ਹਾਂ ਨੂੰ ਯਾਦ ਕੀਤਾ ਗਿਆ। ਇਸ ਸਮਾਗਮ ਵਿਚ ਬਹੁਜਨ ਸਮਾਜ ਪਾਰਟੀ ਦੇ ਵੱਖ-ਵੱਖ ਆਗੂਆਂ ਤੋਂ ਇਲਾਵਾ ਸਮਾਜ ਦੇ ਵੱਖ-ਵੱਖ ਵਰਗਾਂ ਦੇ ਗਤੀਸ਼ੀਲ ਵਿਅਕਤੀਆਂ ਵਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਗਿਆ ਕਿ ਸਵ. ਕੇਵਲ ਸਾਂਵਰਾ ਨੇ ਜਿੱਥੇ ਮਹਾਨ ਮਿਸ਼ਨਰੀ ਗੀਤ ਜੋ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਜੀਵਨ ਇਤਿਹਾਸ ਨੂੰ ਦਰਸਾਉਂਦੇ ਸਨ ਦੀ ਰਚਨਾ ਕੀਤੀ, ਓਥੇ ਹੀ ਉਨ੍ਹਾਂ ਨੇ ਦੱਬੇ ਕੁਚਲੇ ਸਮਾਜ ਦੀ ਸੁੱਤੀ ਹੋਈ ਚੇਤਨਾ ਨੂੰ ਜਗਾਉਣ ਲਈ ਅਣਗਿਣਤ ਸਟੇਜਾਂ ਲਗਾ ਕੇ ਉਨ੍ਹਾਂ ਦੇ ਮਨੋਬਲ ਨੂੰ ਵਧਾਇਆ ਅਤੇ ਉਨ੍ਹਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦਾ ਸੰਦੇਸ਼ ਦਿੱਤਾ।

ਇਸ ਮੌਕੇ ਵਿਸ਼ੇਸ਼ ਤੌਰ ਤੇ ਪ੍ਰਵੀਨ ਬੰਗਾ ਜੋਨ ਇੰਚਾਰਜ ਆਨੰਦਪੁਰ ਸਾਹਿਬ, ਮਨੋਹਰ ਕਮਾਮ ਜ਼ਿਲ੍ਹਾ ਪ੍ਰਧਾਨ ਬਸਪਾ, ਵਿਜੇ ਮਜਾਰੀ ਹਲਕਾ ਪ੍ਰਧਾਨ ਬੰਗਾ, ਰਜੇਸ਼ ਕੁਲਥਮ ਸੈਕਟਰੀ ਵਿਧਾਨ ਸਭਾ, ਮਿਸ਼ਨਰੀ ਗਾਇਕ ਰੂਪ ਲਾਲ ਧੀਰ, ਰਾਜ ਦਦਰਾਲ, ਰਮੇਸ਼ ਚੋਹਾਨ, ਅਮਰੀਕ ਬੰਗੜ, ਪੰਮੀ ਲਾਲੋ ਮਜਾਰਾ, ਮਾ. ਰਾਮ ਕਿਸ਼ਨ ਪੱਲੀ ਝਿੱਕੀ, ਸੋਮ ਨਾਥ ਰਟੈਂਡਾ ਸਮੇਤ ਕਈ ਹੋਰ ਵੱਡੀ ਗਿਣਤੀ ਵਿਚ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਸਮੇਤ ਐਕਸ ਐਮ ਐਲ ਏ ਮੋਹਣ ਨਾਲ, ਮੱਖਣ ਲਾਲ ਚੋਹਾਨ ਸਮੇਤ ਕਈ ਹੋਰ ਨੇਤਾ ਵਿਸ਼ੇਸ਼ ਤੌਰ ਤੇ ਪੁੱਜੇ ਸਨ। ਜਿੰਨ੍ਹਾਂ ਨੇ ਕੇਵਲ ਸਾਂਵਰਾ ਵਰਗੇ ਸਮਾਜ ਦੇ ਮਹਾਨ ਕੌਮੀ ਕਲਾਕਾਰ ਦਾ ਦੁਨੀਆਂ ਤੋਂ ਤੁਰ ਜਾਣਾ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।