550ਵਾਂ ਪ੍ਰਕਾਸ਼ ਉਤਸਵ: ਸਿੱਧੂ ਮੀਟਿੰਗ ਵਿਚਾਲੇ ਛੱਡ ਗਏ

ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਮਨਾਉਣ ਲਈ ਕੈਪਟਨ ਸਰਕਾਰ ਦੀ ਕੈਬਨਿਟ ਸਬ ਕਮੇਟੀ ਨੇ ਅੱਜ ਕਈ ਫੈਸਲੇ ਲੈਣੇ ਸਨ ਪਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਮੀਟਿੰਗ ਵਿਚ ਆਏ ਤੇ ਮੁੱਖ ਮੰਤਰੀ ਦਫਤਰ ਦੇ ਇਕ ਸੀਨੀਅਰ ਅਧਿਕਾਰੀ ਵਲੋਂ ਪ੍ਰਕਾਸ਼ ਉਤਸਵ ਬਾਰੇ ਕੁਝ ਕਮੇਟੀਆਂ ਪਹਿਲਾਂ ਹੀ ਬਣਾਉਣ ਦੀ ਜਾਣਕਾਰੀ ਮਿਲਦਿਆਂ ਹੀ ਮੀਟਿੰਗ ਵਿਚੋਂ ਉਠ ਕੇ ਚਲੇ ਗਏ। ਉਂਜ ਕਮੇਟੀਆਂ ਬਣਾਉਣ ਵਾਲਾ ਅਧਿਕਾਰੀ ਮੀਟਿੰਗ ਵਿਚ ਹਾਜ਼ਰ ਨਹੀਂ ਸੀ।
ਭਰੋਸੇਯੋਗ ਸੂਤਰਾਂ ਕੋਲੋ ਮਿਲੀ ਜਾਣਕਾਰੀ ਅੁਨਸਾਰ ਉਨ੍ਹਾਂ ਕਿਹਾ ਕਿ ਜੇ ਸਾਰਾ ਕੰਮਕਾਜ ਅਧਿਕਾਰੀਆਂ ਨੇ ਹੀ ਕਰਨਾ ਹੈ ਤਾਂ ਕੈਬਨਿਟ ਸਬ ਕਮੇਟੀ ਕਿਸ ਮੰਤਵ ਲਈ ਬਣਾਈ ਗਈ ਹੈ? ਇਸ ਸਬੰਧੀ ਕੈਬਨਿਟ ਮੰਤਰੀ ਸਿੱਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਮੀਟਿੰਗ ਵਿਚੋਂ ਬਾਹਰ ਜਾਣ ਦੀ ਗੱਲ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬਾਕਾਇਦਾ ਮੀਟਿੰਗ ਵਿਚ ਹਿੱਸਾ ਲਿਆ ਹੈ ਤੇ ਮੀਟਿੰਗ ਖਤਮ ਹੋਣ ਪਿਛੋਂ ਹੀ ਗਏ ਸਨ। ਵਰਨਣਯੋਗ ਹੈ ਕਿ ਕੈਪਟਨ ਸਰਕਾਰ ਨੇ ਪ੍ਰਕਾਸ਼ ਉਤਸਵ ਵੱਡੇ ਪੱਧਰ ਉਤੇ ਮਨਾਉਣ ਲਈ ਮੁੱਖ ਮੰਤਰੀ ਦੀ ਅਗਵਾਈ ਹੇਠ ਇਕ ਵੱਡ ਆਕਾਰੀ ਕਮੇਟੀ ਬਣਾਈ ਹੈ ਜਿਸ ਵਿਚ ਮੰਤਰੀਆਂ, ਵਿਧਾਇਕਾਂ, ਬੁੱਧੀਜੀਵੀਆਂ, ਰਾਜਨੀਤਕ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ ਤੇ ਇਸ ਦੇ ਨਾਲ ਤਿਆਰੀਆਂ ਦਾ ਜਾਇਜ਼ਾ ਲੈਣ ਤੇ ਪ੍ਰੋਗਰਾਮਾਂ ਦੀ ਰੂਪ ਰੇਖਾ ਤਿਆਰ ਕਰਨ ਵਾਸਤੇ ਸਭਿਆਚਾਰ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਇਕ ਸਬ ਕਮੇਟੀ ਵੀ ਬਣਾਈ ਗਈ ਹੈ, ਜਿਸ ਦੀ ਅੱਜ ਅਹਿਮ ਮੀਟਿੰਗ ਸੀ ਤੇ ਇਸ ਸਬ ਕਮੇਟੀ ਵਿਚ ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਤੇ ਕੁੱਝ ਅਧਿਕਾਰੀ ਵੀ ਸ਼ਾਮਲ ਹਨ। ਸਿੰਗਲਾ ਮੀਟਿੰਗ ਵਿਚ ਨਹੀਂ ਆਏ। ਮੰਤਰੀ ਇਸ ਗੱਲ ਤੋਂ ਖਫ਼ਾ ਸਨ ਕਿ ਜੇ ਅਧਿਕਾਰੀਆਂ ਨੇ ਹੀ ਅਹਿਮ ਫੈਸਲੇ ਕਰਨੇ ਹਨ ਤਾਂ ਕੈਬਨਿਟ ਸਬ ਕਮੇਟੀ ਦੀ ਕੀ ਲੋੜ ਹੈ। ਜੇ ਸਮਾਗਮ ਅਸਫਲ ਹੋ ਗਏ ਤਾਂ ਸਾਰਾ ਭਾਂਡਾ ਕੈਬਨਿਟ ਸਬ ਕਮੇਟੀ ਸਿਰ ਭੰਨ ਦਿੱਤਾ ਜਾਵੇਗਾ।
ਇਹ ਵੀ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਦਫਤਰ ਦਾ ਇਕ ਸੀਨੀਅਰ ਅਧਿਕਾਰੀ ਪਿਛਲੇ ਦਿਨੀਂ ਸੁਲਤਾਨਪੁਰ ਲੋਧੀ ਗਿਆ ਸੀ ਤੇ 23 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਸਮਾਗਮਾਂ ਲਈ ਉਨ੍ਹਾਂ ਨੇ ਹੀ ਮੁੱਢਲੀ ਯੋਜਨਾ ਤਿਆਰ ਕੀਤੀ ਹੈ ਪਰ ਜਾਣਕਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਸਮਾਗਮਾਂ ਦੀ ਰੂਪ ਰੇਖਾ ਕੈਬਨਿਟ ਸਬ ਕਮੇਟੀ ਵਲੋਂ ਤਿਆਰ ਕੀਤੀ ਜਾਣੀ ਚਾਹੀਦੀ ਹੈ ਪਰ ਕਮੇਟੀ ਨੂੰ ਇਸ ਬਾਰੇ ਕੁੱਝ ਵੀ ਪਤਾ ਨਹੀਂ ਹੈ।
ਅੱਜ ਦੀ ਮੀਟਿੰਗ ਵਿਚ ਸ੍ਰੀ ਗੁਰੂ ਨਾਨਕ ਮਾਰਗ ਬਣਾਉਣ ਬਾਰੇ ਵਿਚਾਰ ਕਰਨ ਤੋਂ ਇਲਾਵਾ ਕੁਝ ਹੋਰ ਅਹਿਮ ਫੈਸਲੇ ਲਏ ਜਾਣੇ ਸਨ ਤੇ ਇਸ ਮੀਟਿੰਗ ਵਿਚ ਦਸ ਦੇ ਕਰੀਬ ਅਧਿਕਾਰੀ ਵੀ ਹਾਜ਼ਰ ਸਨ।ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਦੀ ਤਿਆਰੀ ਸਬੰਧੀ ਅਗਲੀ ਮੀਟਿੰਗ 19 ਨਵੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਵੇਗੀ।
ਕੈਪਟਨ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਉਤਸਵ ਵੱਡੇ ਪੱਧਰ ਤੇ ਮਨਾਉਣ ਲਈ ਕਈ ਪ੍ਰਾਜੈਕਟ ਉਲੀਕੇ ਹੋਏ ਹਨ ਤੇ ਇਨ੍ਹਾਂ ਵਾਸਤੇ ਕੇਂਦਰ ਸਰਕਾਰ ਕੋਲੋ ਬਾਈ ਸੌ ਕਰੋੜ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਮੰਗੀ ਗਈ ਹੈ ਪਰ ਅਜੇ ਤਕ ਕੇਂਦਰ ਸਰਕਾਰ ਕੋਲੋਂ ਕੋਈ ਮਦਦ ਨਹੀਂ ਮਿਲੀ।