20 ਰੁਪਏ ਦਾ ਨਵਾਂ ਨੋਟ ਜਾਰੀ ਕਰਨ ਦੀ ਤਿਆਰੀ

ਨਵੀਂ ਦਿੱਲੀ– ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਛੇਤੀ ਹੀ 20 ਰੁਪਏ ਦਾ ਨਵਾਂ ਨੋਟ ਜਾਰੀ ਕਰੇਗਾ। ਕੇਂਦਰੀ ਬੈਂਕ ਦੇ ਇਕ ਦਸਤਾਵੇਜ਼ ਤੋਂ ਇਹ ਜਾਣਕਾਰੀ ਮਿਲੀ ਹੈ। ਕੇਂਦਰੀ ਬੈਂਕ ਇਸ ਤੋਂ ਪਹਿਲਾਂ 10, 50, 100 ਅਤੇ 500 ਰੁਪਏ ਦੇ ਨਵੇਂ ਨੋਟ ਜਾਰੀ ਕਰ ਚੁੱਕਿਆ ਹੈ। ਇਸ ਤੋਂ ਇਲਾਵਾ 200 ਅਤੇ 2000 ਰੁਪਏ ਦੇ ਨੋਟ ਵੀ ਜਾਰੀ ਕੀਤੇ ਗਏ ਹਨ। ਵੀਹ ਰੁਪਏ ਦਾ ਇਹ ਨਵਾਂ ਨੋਟ ਮਹਾਤਮਾ ਗਾਂਧੀ (ਨਵੀਂ) ਸੀਰੀਜ਼ ਹੇਠ ਜਾਰੀ ਹੋਵੇਗਾ। ਇਹ ਪਹਿਲਾਂ ਜਾਰੀ ਕੀਤੇ ਗਏ ਨੋਟਾਂ ਤੋਂ ਆਕਾਰ ਅਤੇ ਡਿਜ਼ਾਇਨ ’ਚ ਵੱਖਰਾ ਹੋਵੇਗਾ। ਪੁਰਾਣੀ ਸੀਰੀਜ਼ ’ਚ ਜਾਰੀ ਵੀਹ ਰੁਪਏ ਦੇ ਨੋਟ ਪਹਿਲਾਂ ਦੀ ਤਰ੍ਹਾਂ ਹੀ ਚਲਦੇ ਰਹਿਣਗੇ। ਕੇਂਦਰੀ ਬੈਂਕ ਦੇ ਅੰਕੜਿਆਂ ਮੁਤਾਬਕ 31 ਮਾਰਚ 2016 ਤੱਕ 20 ਰੁਪਏ ਦੇ 4.92 ਅਰਬ ਨੋਟ ਇਸ ਵੇਲੇ ਚਲਨ ਵਿੱਚ ਸਨ ਤੇ ਮਾਰਚ 2018 ਵਿੱਚ ਇਹ ਗਿਣਤੀ ਵਧ ਕੇ ਕਰੀਬ 10 ਅਰਬ ਹੋ ਗਈ ਹੈ। ਮਾਰਚ 2018 ਦੇ ਅੰਤ `ਚ ਚੱਲ ਰਹੇ ਕੁੱਲ ਨੋਟਾਂ ਦੀ ਗਿਣਤੀ ’ਚ 20 ਰੁਪਏ ਦੇ ਨੋਟਾਂ ਦੀ ਹਿੱਸੇਦਾਰੀ 9.8 ਫੀਸਦੀ ਹੈ।