18ਵੀਆਂ ਏਸ਼ਿਆਈ ਖੇਡਾਂ ਦਾ ਰੰਗਾਰੰਗ ਆਗ਼ਾਜ਼

ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਦੇ ਮੋਟਰਸਾਈਕਲ ’ਤੇ ਗੇਲੋਰਾ ਬੁੰਗ ਕਾਰਨੋ ਸਟੇਡੀਅਮ ’ਚ ਪਹੁੰਚਣ ਅਤੇ ਮੁਲਕ ਦੀ ਸੰਸਕ੍ਰਿਤੀ ਦਰਸਾਉਂਦਿਆਂ 18ਵੇਂ ਏਸ਼ਿਆਈ ਖੇਡਾਂ ਦਾ ਅੱਜ ਤੋਂ ਰੰਗਾਰੰਗ ਆਗ਼ਾਜ਼ ਹੋ ਗਿਆ ਹੈ। ਏਸ਼ਿਆਈ ਖੇਡਾਂ ’ਚ ਭਾਰਤ ਸਮੇਤ 45 ਮੁਲਕਾਂ ਦੇ 10 ਹਜ਼ਾਰ ਤੋਂ ਵੱਧ ਖਿਡਾਰੀ ਹਿੱਸਾ ਲੈ ਰਹੇ ਹਨ। ਇੰਡੋਨੇਸ਼ੀਆ ਦੇ ਜਕਾਰਤਾ ਅਤੇ ਪਾਲੇਮਬਾਂਗ ਸ਼ਹਿਰਾਂ ’ਚ ਹੋ ਰਹੇ 18ਵੇਂ ਏਸ਼ਿਆਈ ਖੇਡਾਂ ਦੀ ਮਸ਼ਾਲ ਨੂੰ ਪਿਛਲੇ ਮਹੀਨੇ ਨਵੀਂ ਦਿੱਲੀ ਦੇ ਇਤਿਹਾਸਕ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਤੋਂ ਰਵਾਨਾ ਕੀਤਾ ਗਿਆ ਸੀ। ਦਿੱਲੀ ’ਚ 1951 ’ਚ ਪਹਿਲੀਆਂ ਏਸ਼ਿਆਈ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਸੀ। ਇੰਡੋਨੇਸ਼ੀਆ ’ਚ ਦੂਜੀ ਵਾਰ ਏਸ਼ਿਆਈ ਖੇਡਾਂ ਹੋ ਰਹੀਆਂ ਹਨ। ਪਹਿਲਾਂ 1962 ’ਚ ਜਕਾਰਤਾ ’ਚ ਇਹ ਖੇਡਾਂ ਕਰਵਾਈਆਂ ਗਈਆਂ ਸਨ। ਏਸ਼ਿਆਈ ਖੇਡਾਂ ਦਾ ਉਦਘਾਟਨ ਕਰਨ ਤੋਂ ਪਹਿਲਾਂ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਮੋਟਰ ਸਾਈਕਲ ਚਲਾਉਂਦੇ ਹੋਏ ਸ਼ਹਿਰ ਦੀਆਂ ਸੜਕਾਂ ਤੋਂ ਹੁੰਦੇ ਹੋਏ ਸਟੇਡੀਅਮ ਅੰਦਰ ਪੁੱਜੇ। ਏਸ਼ਿਆਈ ਖੇਡਾਂ ਦੇ ਇਤਿਹਾਸ ’ਚ ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਮੇਜ਼ਬਾਨ ਮੁਲਕ ਦਾ ਰਾਸ਼ਟਰਪਤੀ ਮੋਟਰਸਾਈਕਲ ’ਤੇ ਸਟੇਡੀਅਮ ਆਇਆ ਹੋਵੇ। ਮੇਜ਼ਬਾਨ ਮੁਲਕ ਦੀਆਂ 1500 ਤੋਂ ਵੱਧ ਮਹਿਲਾ ਕਲਾਕਾਰਾਂ ਨੇ ਰੰਗ ਬੰਨ੍ਹ ਦਿੱਤਾ ਅਤੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮਗਰੋਂ ਖਿਡਾਰੀਆਂ ਦਾ ਮਾਰਚ ਪਾਸਟ ਸ਼ੁਰੂ ਹੋਇਆ। ਸਟੇਡੀਅਮ ’ਚ ਸਭ ਤੋਂ ਪਹਿਲਾਂਅਫ਼ਗਾਨਿਸਤਾਨ ਦੇ ਦਲ ਨੇ ਪ੍ਰਵੇਸ਼ ਕੀਤਾ। ਭਾਰਤੀ ਦਲ ਨੌਵੇਂ ਨੰਬਰ ’ਤੇ ਸਟੇਡੀਅਮ ’ਚ ਦਾਖ਼ਲ ਹੋਇਆ ਜਿਸ ਦੀ ਅਗਵਾਈ ਜੂਨੀਅਰ ਵਿਸ਼ਵ ਚੈਂਪੀਅਨ ਅਤੇ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗਮਾ ਜੇਤੂ ਜੈਵਲਿਨ ਥਰੋ ਅਥਲੀਟ ਨੀਰਜ ਚੋਪੜਾ ਨੇ ਕੀਤੀ। ਮਾਰਚ ਪਾਸਟ ਮਗਰੋਂ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੇ ਸਾਰੇ ਮੁਲਕਾਂ ਦੇ ਖਿਡਾਰੀਆਂ ਦਾ ਸਵਾਗਤ ਕੀਤਾ। ਉਦਘਾਟਨੀ ਸਮਾਗਮ ਦੀ ਖਾਸ ਗੱਲ ਇਹ ਰਹੀ ਕਿ ਉੱਤਰ ਅਤੇ ਦੱਖਣ ਕੋਰੀਆ ਦੇ ਖਿਡਾਰੀ ਇਕ-ਦੂਜੇ ਦੇ ਹੱਥ ਫੜ ਕੇ ਇਕੱਠੇ ਸਟੇਡੀਅਮ ’ਚ ਦਾਖ਼ਲ ਹੋਏ। ਇਸ ਦੌਰਾਨ ਦੋਵੇਂ ਮੁਲਕਾਂ ਦੇ ਆਗੂ ਵੀ ਹੱਥਾਂ ਨੂੰ ਫੜ ਕੇ ਆਪਣੀ ਥਾਂ ’ਤੇ ਖੜ੍ਹੇ ਸਨ। ਦੋਵੇਂ ਕੋਰਿਆਈ ਮੁਲਕ ਕੁਝ ਖੇਡਾਂ ’ਚ ਰਲ ਕੇ ਹਿੱਸਾ ਲੈਣਗੇ। ਇਰਾਨ ਲਈ ਵੀ ਇਹ ਪਹਿਲਾ ਮੌਕਾ ਰਿਹਾ ਜਦੋਂ ਮਹਿਲਾ ਨਿਸ਼ਾਨੇਬਾਜ਼ ਏਲਾਹ ਅਹਿਮਦੀ ਨੇ ਮੁਲਕ ਦਾ ਝੰਡਾ ਚੁੱਕ ਕੇ ਦਲ ਦੀ ਅਗਵਾਈ ਕੀਤੀ। ਚੀਨ ਲਗਾਤਾਰ 10ਵੀਂ ਵਾਰ ਤਗਮਾ ਸੂਚੀ ’ਚ ਮੋਹਰੀ ਸਥਾਨ ਹਾਸਲ ਕਰਨ ਦੇ ਇਰਾਦੇ ਨਾਲ ਉਤਰੇਗਾ।