ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਪੰਜਾਬ ਪੁਲੀਸ ਦੀ ਵਿਸ਼ੇਸ਼ ਟੀਮ ‘ਸਿੱਟ’ ਵੱਲੋਂ ਫਿਲਮ ਅਦਾਕਾਰ ਅਕਸ਼ੈ ਕੁਮਾਰ ਨੂੰ ਸੰਮਨ ਭੇਜਣ ਦੇ ਇਕ ਦਿਨ ਬਾਅਦ ਹੀ ਅਦਾਕਾਰ ਨੇ ਆਪਣਾ ਪੱਖ ਰੱਖਦਿਆਂ ਕਿਹਾ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਵਿਚ ਕਦੇ ਵੀ ਡੇਰਾ ਮੁਖੀ ਰਾਮ ਰਹੀਮ ਨੂੰ ਨਹੀਂ ਦੇਖਿਆ, ਫਿਰ ਮੁਲਾਕਾਤ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਅਕਸ਼ੈ ਕੁਮਾਰ ਵੱਲੋਂ ਪੰਜਾਬ ਦੀਆਂ ਅਖ਼ਬਾਰਾਂ ਨੂੰ ਜਾਰੀ ਕੀਤਾ ਗਿਆ ਬਿਆਨ ਅਦਾਕਾਰ ਨੇ ਆਪਣੇ ਟਵਿੱਟਰ ਹੈਂਡਲ ’ਤੇ ਵੀ ਪਾਇਆ ਹੋਇਆ ਹੈ। ਜ਼ਿਕਰਯੋਗ ਹੈ ਕਿ ਵਿਸ਼ੇਸ਼ ਜਾਂਚ ਟੀਮ ਨੇ ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੂੰ 21 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਰਕਟ ਹਾਊਸ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਅਕਸ਼ੈ ਕੁਮਾਰ ਬਾਰੇ ਕਥਿਤ ਚਰਚਾ ਹੁੰਦੀ ਰਹੀ ਸੀ ਕਿ ਉਨ੍ਹਾਂ ਨੇ ਡੇਰਾ ਮੁਖੀ ਰਾਮ ਰਹੀਮ ਨਾਲ ਸੁਖਬੀਰ ਬਾਦਲ ਦੀ ਮੁੰਬਈ ਵਿਚ ਮੁਲਾਕਾਤ ਕਰਵਾਈ ਸੀ ਤੇ ਫਿਲਮ ਨੂੰ ਚਲਾਉਣ ਲਈ ਗੱਲਬਾਤ ਵੀ ਕੀਤੀ ਸੀ।
ਅਕਸ਼ੈ ਕੁਮਾਰ ਵੱਲੋਂ ਜਾਰੀ ਬਿਆਨ ਵਿੱਚ ਅਦਾਕਾਰ ਨੇ 6 ਨੁਕਤਿਆਂ ਨੂੰ ਉਭਾਰਿਆ ਹੈ। ਅਕਸ਼ੈ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਅਤੇ ਕੁਝ ਅਖ਼ਬਾਰਾਂ ਤੋਂ ਉਸ ਦੇ ਧਿਆਨ ਵਿਚ ਆਇਆ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਰਾਮ ਰਹੀਮ ਨਾਂ ਦੇ ਬਾਬੇ ਦੀ ਕਿਸੇ ਮੁਲਾਕਾਤ ਵਿਚ ਉਸ ਦਾ ਕੋਈ ਯੋਗਦਾਨ ਹੈ। ਉਹ ਹੈਰਾਨ ਅਤੇ ਪ੍ਰੇਸ਼ਾਨ ਹੈ ਕਿ ਕੌਣ ਅਤੇ ਕਿਸ ਘਟੀਆ ਇਰਾਦੇ ਨਾਲ ਇਹ ਅਫ਼ਵਾਹਾਂ ਫੈਲਾ ਰਿਹਾ ਹੈ। ਉਨ੍ਹਾਂ ਆਪਣੇ ਬਿਆਨ ਵਿਚ ਦਾਅਵਾ ਕੀਤਾ ਹੈ ਕਿ ਸਚਾਈ ਇਹ ਹੈ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਰਾਮ ਰਹੀਮ ਨੂੰ ਕਦੇ ਦੇਖਿਆ ਹੀ ਨਹੀਂ ਹੈ, ਫਿਰ ਮੁਲਾਕਾਤ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਏਨਾ ਜ਼ਰੂਰ ਸੁਣਿਆ ਹੈ ਕਿ ਉਨ੍ਹਾਂ ਦੇ ਜੁਹੂ ਇਲਾਕੇ ਵਿੱਚ ਉਹ(ਰਾਮ ਰਹੀਮ) ਕਿਤੇ ਰਹਿੰਦਾ ਸੀ। ਅਕਸ਼ੈ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਉਹ ਪੰਜਾਬੀ ਸਭਿਆਚਾਰ ਅਤੇ ਸਿੱਖੀ ਦੀ ਮਹਾਨ ਵਿਚਾਰਧਾਰਾ ਉੱਤੇ ਫਿਲਮਾਂ ਬਣਾ ਰਿਹਾ ਹੈ ਜਿਵੇਂ ਕਿ ਸਿੰਘ ਇਜ਼ ਕਿੰਗ, ਸਾਰਾਗੜ੍ਹੀ ਦੇ ਯੁੱਧ ’ਤੇ ਅਧਾਰਿਤ ਫਿਲਮ ‘ਕੇਸਰੀ’ ਆਦਿ।
ਅਕਸ਼ੈ ਕੁਮਾਰ ਨੇ ਕਿਹਾ ਕਿ ਉਸ ਨੂੰ ਆਪਣੇ ਪੰਜਾਬੀ ਹੋਣ ’ਤੇ ਮਾਣ ਹੈ ਅਤੇ ਸਿੱਖ ਧਰਮ ਲਈ ਅਥਾਹ ਸ਼ਰਧਾ ਅਤੇ ਸਤਿਕਾਰ ਹੈ। ਉਨ੍ਹਾਂ ਕਿਹਾ ਕਿ ਉਹ ਭੁੱਲ ਕੇ ਵੀ ਆਪਣੇ ਇਨ੍ਹਾਂ ਭੈਣ ਭਰਾਵਾਂ ਦੇ ਦਿਲ ਦੁਖਾਉਣ ਵਾਲੀ ਕਿਸੇ ਗੱਲ ’ਚ ਸ਼ਾਮਲ ਨਹੀਂ ਹੋ ਸਕਦਾ। ਉਸ ਨੂੰ ਰੱਬ ਨੇ ਬਹੁਤ ਮਾਣ, ਇੱਜ਼ਤ ਤੇ ਹੋਰ ਬਹੁਤ ਬਖਸ਼ਿਆ ਹੋਇਆ ਹੈ। ਅਜਿਹੀਆਂ ਘਟੀਆ ਗੱਲਾਂ ਤੋਂ ਦੂਰ ਰਹਿ ਕੇ ਆਪਣੇ ਕੰਮ ਵੱਲ ਹੀ ਧਿਆਨ ਦਿੰਦੇ ਹਨ। ਅਕਸ਼ੈ ਕੁਮਾਰ ਨੇ ਕਿਹਾ ਕਿ ਕਿਸੇ ਬਦਨੀਤੀ ਨਾਲ ਜਾਂ ਕਿਸੇ ਘਟੀਆ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਇਹ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜਿਸ ਦੀ ਉਹ ਨਿੰਦਾ ਕਰਦੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹੀਆਂ ਘਟੀਆ ਹਰਕਤਾਂ ਕਰਨ ਵਾਲਿਆਂ ਵਿਰੁੱਧ ਉਹ ਕਾਨੂੰਨੀ ਕਾਰਵਾਈ ਵੀ ਕਰਨਗੇ।
Entertainment ਜ਼ਿੰਦਗੀ ’ਚ ਕਦੇ ਡੇਰਾ ਮੁਖੀ ਨੂੰ ਨਹੀਂ ਮਿਲਿਆ: ਅਕਸ਼ੈ ਕੁਮਾਰ