ਹੋਟਲ ਵਿਚ ਕਮਾਂਡੈਂਟ ਤੇ ਮਾਲ ਅਧਿਕਾਰੀਆਂ ’ਤੇ ਹਮਲਾ

ਹੁਸ਼ਿਆਰਪੁਰ-ਚਿੰਤਪੁਰਨੀ ਸੜਕ ’ਤੇ ਸਥਿਤ ਹੋਟਲ ’ਚ ਵੀਰਵਾਰ ਦੇਰ ਰਾਤ ਵਾਪਰੀ ਘਟਨਾ ਵਿਚ ਪੰਜਾਬ ਪੁਲੀਸ ਦੇ ਇਕ ਕਮਾਂਡੈਂਟ, ਹੁਸ਼ਿਆਰਪੁਰ ਦੇ ਤਹਿਸੀਲਦਾਰ, ਨਾਇਬ ਤਹਿਸੀਲਦਾਰ ਸਮੇਤ ਕਈ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਖ਼ਬਰ ਲਿਖੇ ਜਾਣ ਤੱਕ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਹੋਟਲ ਰਾਇਲ ਪਲਾਜ਼ਾ ਵਿਚ ਪੁਲੀਸ ਟ੍ਰੇਨਿੰਗ ਅਕੈਡਮੀ ਫਿਲੌਰ ਦੇ ਕਮਾਂਡੈਂਟ ਨਰੇਸ਼ ਡੋਗਰਾ, ਤਹਿਸੀਲਦਾਰ ਹਰਮਿੰਦਰ ਸਿੰਘ, ਨਾਇਬ ਤਹਿਸੀਲਦਾਰ ਮਨਜੀਤ ਸਿੰਘ ਤੇ ਉਨ੍ਹਾਂ ਦੇ ਸਾਥੀ ਪਾਰਟੀ ਕਰ ਕੇ ਜਦੋਂ ਬਾਹਰ ਨਿਕਲੇ ਤਾਂ ਹੋਟਲ ਦੇ ਪਾਰਟਨਰ ਵਿਸ਼ਵਨਾਥ ਬੰਟੀ ਦੇ ਬੰਦਿਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਘਟਨਾ ਦੌਰਾਨ ਪੁਲੀਸ ਤੇ ਮਾਲ ਅਧਿਕਾਰੀ ਜ਼ਖ਼ਮੀ ਹੋ ਗਏ। ਸ੍ਰੀ ਡੋਗਰਾ ਦੇ ਗੰਨਮੈਨ ਨੂੰ ਵੀ ਹਮਲਾਵਰਾਂ ਨੇ ਕੁੱਟਿਆ ਅਤੇ ਕਥਿਤ ਤੌਰ ’ਤੇ ਉਸ ਦੀ ਸਰਵਿਸ ਰਾਈਫ਼ਲ ਖੋਹ ਲਈ। ਹੋਟਲ ਦੇ ਦੂਜੇ ਪਾਰਟਨਰ ਵਿਵੇਕ ਕੌਸ਼ਲ ਵੀ ਹਮਲਾਵਰਾਂ ਦਾ ਨਿਸ਼ਾਨਾ ਬਣੇ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਨਾਇਬ ਤੀਹਸੀਲਦਾਰ ਮਨਜੀਤ ਸਿੰਘ ਨੂੰ ਇਕ ਪ੍ਰਾਈਵੇਟ ਹਸਪਤਾਲ ’ਚ ਰੈਫ਼ਰ ਕਰ ਦਿੱਤਾ ਗਿਆ। ਇਸ ਸਬੰਧੀ ਬੰਟੀ ਨੇ ਕਿਹਾ ਕਿ ਨਰੇਸ਼ ਡੋਗਰਾ ਆਪਣੇ ਸਾਥੀ ਵਿਵੇਕ ਕੌਸ਼ਲ ਨੂੰ ਕਥਿਤ ਤੌਰ ’ਤੇ ਹੋਟਲ ’ਤੇ ਕਬਜ਼ਾ ਕਰਵਾਉਣ ਆਇਆ ਸੀ। ਉਸਨੇ ਦੋਸ਼ ਲਗਾਇਆ ਕਿ ਡੋਗਰਾ ਅਤੇ ਉਸ ਦੇ ਸਾਥੀਆਂ ਨੇ ਉਨ੍ਹਾਂ ’ਤੇ ਹਮਲਾ ਕੀਤਾ ਸੀ। ਪੁਲੀਸ ਵੱਲੋਂ ਦੋਵਾਂ ਧਿਰਾਂ ਦੇ ਬਿਆਨ ਲਏ ਜਾ ਰਹੇ ਹਨ। ਐੱਸਐੱਸਪੀ ਜੇ.ਇਲਨਚੇਲੀਅਨ ਨੇ ਕਿਹਾ ਕਿ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੋਟਲ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਡੀ.ਵੀ.ਆਰ. ਗਾਇਬ ਹੈ। ਜ਼ਖ਼ਮੀ ਹੋਏ ਅਧਿਕਾਰੀਆਂ ਨੇ ਕਿਹਾ ਕਿ ਉਹ ਆਪਣੇ ਬਿਆਨ ਪੁਲੀਸ ਨੂੰ ਹੀ ਦੇਣਗੇ। ਸੂਤਰਾਂ ਅਨੁਸਾਰ ਸ੍ਰੀ ਡੋਗਰਾ ਅਤੇ ਬੰਟੀ ਦਰਮਿਆਨ ਚੱਲ ਰਹੀ ਰੰਜਿਸ਼ ਕਾਰਨ ਇਹ ਘਟਨਾ ਵਾਪਰੀ।