ਹੈਲਮਟ ਮਾਮਲਾ: ਦੋ ਪਹੀਆ ਵਾਹਨ ਚਾਲਕ ਬੀਬੀਆਂ ਨੂੰ ਆਰਜ਼ੀ ਰਾਹਤ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅੱਜ ਤੋਂ ਦੋ-ਪਹੀਆ ਵਾਹਨਾਂ ’ਤੇ ਹੈਲਮਟ ਤੋਂ ਬਿਨਾਂ ਸਵਾਰੀ ਕਰਨ ਵਾਲੀਆਂ ਮਹਿਲਾਵਾਂ ਦੇ ਚਲਾਨ ਕੱਟਣ ਦੀ ਚਲਾਈ ਮੁਹਿੰਮ ਕਾਰਨ ਸਿੱਖ ਸੰਗਤਾਂ ਸੜਕਾਂ ’ਤੇ ਨਿਕਲ ਆਈਆਂ ਅਤੇ ਆਵਾਜਾਈ ਠੱਪ ਕਰਕੇ ਆਪਣੇ ਆਪ ਨੂੰ ਗ੍ਰਿਫਤਾਰੀਆਂ ਲਈ ਪੇਸ਼ ਕੀਤਾ। ਸਿੱਖ ਭਾਈਚਾਰੇ ਦੇ ਰੋਹ ਨੂੰ ਦੇਖਦਿਆਂ ਵਫਦ ਨੂੰ ਪੰਜਾਬ ਰਾਜ ਭਵਨ ਵਿਚ ਗੱਲਬਾਤ ਲਈ ਸੱਦਿਆ ਗਿਆ ਅਤੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਦੋ-ਪਹੀਆ ਵਾਹਨਾਂ ’ਤੇ ਬਿਨਾਂ ਹੈਲਮਟ ਸਵਾਰੀ ਕਰਨ ਵਾਲੀਆਂ ਮਹਿਲਾਵਾਂ ਦੇ ਅੱਜ ਚਲਾਨ ਕੱਟਣ ਦੀ ਪ੍ਰਕਿਰਿਆਂ ਨੂੰ ਤੁਰੰਤ ਰੋਕਣ ਦੇ ਆਦੇਸ਼ ਦਿੱਤੇ। ਰਾਜਪਾਲ ਦੇ ਏਡੀਸੀ ਕੇਬੀ ਸਿੰਘ ਨੇ ਵਫਦ ਨੂੰ ਦੱਸਿਆ ਕਿ ਸ੍ਰੀ ਬਦਨੌਰ ਨੇ ਬੀਬੀਆਂ ਲਈ ਹੈਲਮਟ ਲਾਜ਼ਮੀ ਕਰਨ ਦਾ ਮੁੱਦਾ ਅੱਜ ਹੀ ਦਿੱਲੀ ਕੇਂਦਰੀ ਗ੍ਰਹਿ ਵਿਭਾਗ ਨੂੰ ਭੇਜਣ ਦੇ ਆਦੇਸ਼ ਦਿੱਤੇ ਹਨ ਅਤੇ 15 ਸਤੰਬਰ ਤਕ ਬੀਬੀਆਂ ਦੇ ਚਲਾਨ ਨਾ ਕੱਟਣ ਲਈ ਵੀ ਟਰੈਫਿਕ ਪੁਲੀਸ ਨੂੰ ਆਦੇਸ਼ ਦੇ ਦਿੱਤੇ ਹਨ। ਇਸੇ ਦੌਰਾਨ ਟਰੈਫਿਕ ਪੁਲੀਸ ਨੇ ਬਿਨਾ ਹੈਲਮਟ ਪਹਿਨ ਕੇ ਦੋ ਪਹੀਆ ਵਾਹਨ ਚਲਾਉਣ ਵਾਲੀਆਂ 125 ਔਰਤਾਂ ਦੇ ਚਲਾਨ ਕੱਟੇ ਅਤੇ ਬਦਨੌਰ ਦੇ ਹੁਕਮਾਂ ਮਗਰੋਂ ਇਹ ਮੁਹਿੰਮ ਰੋਕ ਦਿੱਤੀ। ਚੰਡੀਗੜ੍ਹ ਗੁਰਦੁਆਰਾ ਸਮੂਹ ਸੰਗਠਨ ਦੇ ਸਕੱਤਰ ਜਨਰਲ ਰਘਬੀਰ ਸਿੰਘ ਰਾਮਪੁਰ ਅਤੇ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਹਰਦੀਪ ਸਿੰਘ ਬੁਟਰੇਲਾ ਨੇ ਰਾਜ ਭਵਨ ਤੋਂ ਵਾਪਸ ਆ ਕੇ ਦੱਸਿਆ ਕਿ ਰਾਜਪਾਲ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਹ ਮਾਮਲਾ ਕੇਂਦਰੀ ਗ੍ਰਹਿ ਵਿਭਾਗ ਨੂੰ ਭੇਜ ਦਿੱਤਾ ਹੈ ਅਤੇ ਹੁਣ ਸਿੱਖ ਸੰਸਥਾਵਾਂ 15 ਸਤੰਬਰ ਤਕ ਦਿੱਲੀ ਪਹੁੰਚ ਕਰਕੇ ਇਸ ਬਾਰੇ ਅਪੀਲ ਕਰਨ। ਇਸ ਤੋਂ ਸੰਕੇਤ ਮਿਲੇ ਹਨ ਕਿ ਜੇ ਸਿੱਖ ਸੰਸਥਾਵਾਂ 15 ਸਤੰਬਰ ਤੱਕ ਕੇਂਦਰੀ ਗ੍ਰਹਿ ਵਿਭਾਗ ਤੋਂ ਇਹ ਫੈਸਲਾ ਰੁਕਵਾਉਣ ਦੇ ਸਮਰਥ ਨਾ ਹੋਈਆਂ ਤਾਂ ਟਰੈਫਿਕ ਪੁਲੀਸ 16 ਸਤੰਬਰ ਤੋਂ ਮੁੜ ਬਿਨਾਂ ਹੈਲਮਟ ਮਹਿਲਾਵਾਂ ਦੇ ਚਲਾਨ ਕੱਟਣ ਦੀ ਪ੍ਰਕਿਰਿਆ ਚਲਾਵੇਗੀ। ਅੱਜ ਸੜਕਾਂ ਉਪਰ ਦੋ-ਪਹੀਆ ਵਾਹਨਾਂ ’ਤੇ ਸਵਾਰੀ ਕਰਦੀਆਂ 80 ਫੀਸਦ ਦੇ ਕਰੀਬ ਮਹਿਲਾਵਾਂ ਬਿਨਾਂ ਹੈਲਮਟ ਤੋਂ ਸਨ। ਇਸੇ ਦੌਰਾਨ ਚੰਡੀਗੜ੍ਹ ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨ ਵੱਲੋਂ ਦਿੱਤੇ ਸੱਦੇ ’ਤੇ ਸਿੱਖ ਸੰਸਥਾਵਾਂ ਸੈਕਟਰ-34 ਦੇ ਗੁਰਦੁਆਰੇ ਵਿੱਚ ਇਕੱਠੀਆਂ ਹੋਈਆਂ ਅਤੇ ਦੋ-ਪਹੀਆ ਵਾਹਨਾਂ ’ਤੇ ਬਿਨਾਂ ਹੈਲਮਟ ’ਤੇ ਸਵਾਰ ਮਹਿਲਾਵਾਂ ਨੇ ਰਾਜ ਭਵਨ ਵੱਲ ਮਾਰਚ ਕੀਤਾ। ਪੁਲੀਸ ਨੇ ਸਿੱਖ ਸੰਗਤ ਨੂੰ ਸੈਕਟਰ-20 ਦੇ ਲੇਬਰ ਚੌਕ ਨੇੜੇ ਰੋਕ ਲਿਆ ਜਿਥੇ ਨਾਅਰੇਬਾਜ਼ੀ ਹੋਈ ਅਤੇ ਮਹਿਲਾਵਾਂ ਨੇ ਸੜਕ ’ਤੇ ਹੀ ਧਰਨਾ ਦੇ ਕੇ ਨਾਮ ਸਿਮਰਨ ਸ਼ੁਰੂ ਕਰ ਦਿੱਤਾ। ਸਿੱਖ ਸੰਸਥਾਵਾਂ ਦੇ ਆਗੂਆਂ ਸਾਧੂ ਸਿੰਘ, ਗੁਰਜੋਤ ਸਿੰਘ ਸਾਹਨੀ, ਅਮਰ ਸਿੰਘ, ਹਰਦੀਪ ਸਿੰਘ ਬੁਟਰੇਲਾ, ਕਾਂਗਰਸੀ ਕੌਸਲਰ ਰਵਿੰਦਰ ਕੌਰ ਗੁਜਰਾਲ, ਰਘਬੀਰ ਸਿੰਘ ਰਾਮਪੁਰ, ਮੇਜਰ ਕਰਨੈਲ ਸਿੰਘ, ਬਾਬਾ ਗੁਰਦਿਆਲ ਸਿੰਘ ਆਦਿ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਨੇ ਬੀਬੀਆਂ ਲਈ ਹੈਲਮਟ ਜ਼ਰੂਰੀ ਕਰ ਕੇ ਸਿੱਖ ਧਰਮ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ। ਇਸ ਦੌਰਾਨ ਡੀਐਸਪੀ (ਦੱਖਣ) ਨਿਹਾਰਕਾ ਭੱਟ ਅਤੇ ਸੈਕਟਰ-39 ਥਾਣੇ ਦੇ ਐਸਐਚਓ ਰਾਜਦੀਪ ਸਿੰਘ ਨਾਲ ਪ੍ਰਦਰਸ਼ਨਕਾਰੀਆਂ ਦੀ ਗਰਮਾਗਰਮੀ ਹੋਈ ਅਤੇ ਪੁਲੀਸ ਨੇ ਹਰਦੀਪ ਸਿੰਘ, ਚਰਨਜੀਤ ਸਿੰਘ ਵਿੱਲੀ ਤੇ ਜਬਰਜੰਗ ਨੂੰ ਕੁਝ ਸਮਾਂ ਹਿਰਾਸਤ ਵਿੱਚ ਲੈ ਕੇ ਸੈਕਟਰ-34 ਦੇ ਥਾਣੇ ਵਿੱਚ ਬੰਦ ਵੀ ਕੀਤਾ। ਇਸ ਤੋਂ ਬਾਅਦ ਡਿਊੁਟੀ ਮਜਿਸਟਰੇਟ ਆਏ ਅਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਕੇ ਵਫਦ ਨੂੰ ਪ੍ਰਸ਼ਾਸਕ ਨੂੰ ਮਿਲਣ ਲਈ ਭੇਜਿਆ।