ਹੈਰੋਇਨ ਸਪਲਾਈ ਕਰਨ ਵਾਲੀ ਔਰਤ ਸਮੇਤ ਦੋ ਗ੍ਰਿਫ਼ਤਾਰ


ਲੁਧਿਆਣਾ– ਰਾਜਧਾਨੀ ਦਿੱਲੀ ਤੋਂ ਹੈਰੋਇਨ ਲਿਆ ਕੇ ਸਨਅਤੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਸਪਲਾਈ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਐਸਟੀਐਫ਼ ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ’ਚ ਇੱਕ ਔਰਤ ਵੀ ਸ਼ਾਮਲ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਡੇਹਲੋਂ ਦੇ ਕੋਲ ਨਾਕਾਬੰਦੀ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਪੁਲੀਸ ਨੇ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਦੋਵੇਂ ਮੁਲਜ਼ਮ ਐਕਟਿਵਾ ’ਤੇ ਸਵਾਰ ਹੋ ਕੇ ਹੈਰੋਇਨ ਕਿਸੇ ਨੂੰ ਸਪਲਾਈ ਕਰਨ ਲਈ ਜਾ ਰਹੇ ਸਨ।
ਪੁਲੀਸ ਨੇ ਇਸ ਮਾਮਲੇ ’ਚ ਸਾਹਨੇਵਾਲ ਦੇ ਨਿਊ ਮਾਡਲ ਟਾਊਨ ਵਾਸੀ ਸੁਖਦੀਪ ਸਿੰਘ ਉਰਫ਼ ਸੁਖਾ ਤੇ ਉਸਦਾ ਔਰਤ ਸਾਥੀ ਬਾਬਾ ਬਕਾਲਾ ਵਾਸੀ ਲਕਸ਼ਮੀ ਸਿੰਘ ਉਰਫ਼ ਮੁਸਕਾਨ ਦੇ ਖਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਨੇ ਦੋਹਾਂ ਮੁਲਜ਼ਮਾਂ ਨੂੰ ਮੰਗਲਵਾਰ ਅਦਾਲਤ ’ਚ ਪੇਸ਼ ਕੀਤਾ। ਜਿੱਥੋਂ ਦੋਹਾਂ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿਛ ਕਰਨ ’ਚ ਲੱਗੀ ਹੋਈ ਹੈ।
ਐਸਟੀਐਫ਼ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਡੇਹਲੋਂ ਰੋਡ ’ਤੇ ਨਾਕਾਬੰਦੀ ਕਰ ਰੱਖੀ ਸੀ। ਇਸੇ ਦੌਰਾਨ ਮੁਲਜ਼ਮ ਐਕਟਿਵਾ ’ਤੇ ਸਵਾਰ ਹੋ ਕੇ ਰਹੇ ਸਨ। ਪੁਲੀਸ ਨੇ ਨਾਕਾਬੰਦੀ ਦੌਰਾਨ ਦੋਹਾਂ ਨੂੰ ਰੋਕ ਲਿਆ ਤੇ ਐਕਟਿਵਾ ਦੀ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 200 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਪੁਲੀਸ ਪੁੱਛਗਿਛ ’ਚ ਪਤਾ ਲੱਗਿਆ ਕਿ ਦੋਵੇਂ ਮੁਲਜ਼ਮ ਕਾਫ਼ੀ ਸਮੇਂ ਤੋਂ ਇੱਕ ਦੂਸਰੇ ਦੇ ਨਾਲ ਮਿਲ ਹੈਰੋਇਨ ਤਸਕਰੀ ਦਾ ਧੰਦਾ ਕਰ ਰਹੇ ਹਨ। ਦੋਵੇਂ ਦਿੱਲੀ ਤੇ ਸਾਹਨੇਵਾਲ ਦੇ ਇਲਾਕੇ ’ਚੋਂ ਹੈਰੋਇਨ ਲਿਆ ਕੇ ਅੱਗੇ ਸਪਲਾਈ ਕਰਦੇ ਸਨ। ਦੋਵੇਂ ਇਕੱਠੇ ਹੀ ਦਿੱਲੀ ਜਾਂਦੇ ਸਨ ਤੇ ਹੈਰੋਇਨ ਦੀ ਖੇਪ ਲੈ ਕੇ ਆਉਂਦੇ ਸਨ। ਉਸ ਤੋਂ ਬਾਅਦ ਇਕੱਠੇ ਹੀ ਅੱਗੇ ਸਪਲਾਈ ਕਰਦੇ ਸਨ।