ਹੁੱਡਾ ਅਤੇ ਵੋਰਾ ਨੂੰ ਜ਼ਮਾਨਤ ਮਿਲੀ

ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਦੇ ਜੱਜ ਜਗਦੀਪ ਸਿੰਘ ਵੱਲੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਸੀਨੀਅਰ ਕਾਂਗਰਸੀ ਆਗੂ ਮੋਤੀ ਲਾਲ ਵੋਰਾ ਨੂੰ ਜ਼ਮਾਨਤ ਦੇ ਦਿੱਤੀ ਗਈ। ਇਹ ਦੋਵੇਂ ਅੱਜ ਸਵੇਰੇ ਅਦਾਲਤ ਵਿੱਚ ਪੇਸ਼ ਹੋਏ ਸਨ। ਇਨ੍ਹਾਂ ਦੋਹਾਂ ਨੂੰ ਸੰਮਨ ਜਾਰੀ ਕੀਤੇ ਗਏ ਸਨ। ਦੋਵਾਂ ਦੀ ਜ਼ਮਾਨਤ ਸਬੰਧੀ ਪੰਜ-ਪੰਜ ਲੱਖ ਰੁਪਏ ਦੇ ਬਾਂਡ ਭਰੇ ਗਏ ਹਨ। ਅੱਜ ਇੱਥੇ ਪੰਚਕੂਲਾ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਏਜੇਐੱਲ ਪਲਾਟ ਅਲਾਟਮੈਂਟ ਮਾਮਲੇ ਵਿੱਚ ਇਹ ਦੋਵੇਂ ਆਗੂ ਆਏ ਸਨ। ਦੋਵਾਂ ਨੂੰ ਅੱਜ ਸੀਬੀਆਈ ਵੱਲੋਂ ਉਨ੍ਹਾਂ ਖਿਲਾਫ਼ ਦਾਇਰ ਕੀਤੀ ਗਈ ਚਾਰਜਸ਼ੀਟ ਦੀਆਂ ਕਾਪੀਆਂ ਵੀ ਦਿੱਤੀਆਂ ਗਈਆਂ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 6 ਫਰਵਰੀ ਨੂੰ ਰੱਖੀ ਹੈ।
ਬਚਾਅ ਪੱਖ ਦੇ ਵਕੀਲਾਂ ਨੇ ਦੱਸਿਆ ਕਿ ਉਹ ਚਾਰਜਸ਼ੀਟ ਦੀ ਕਾਪੀ ਵੇਖ ਕੇ ਅਗਲੀ ਕਾਰਵਾਈ ਕਰਨਗੇ। ਦੱਸਣਯੋਗ ਹੈ ਕਿ ਪਿਛਲੇ ਸਾਲ ਪਹਿਲੀ ਦਸੰਬਰ ਨੂੰ ਸੀਬੀਆਈ ਵਲੋਂ ਹੁੱਡਾ, ਵੋਰਾ ਅਤੇ ਐਸੋਸੀਏਟਡ ਜਨਰਲਜ਼ ਲਿਮਿਟਡ (ਏਜੇਐੱਲ) ਖਿਲਾਫ਼ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਵਿਚ ਚਾਰਜਸ਼ੀਟ ਦਾਖਲ ਕੀਤੀ ਸੀ।