ਹਿੰਦ ਮਹਾਸਾਗਰ ’ਚ ਫਸੇ ਜਲ ਸੈਨਾ ਕਮਾਂਡਰ ਨੂੰ ਬਚਾਇਆ

ਗੋਲਡਨ ਗਲੋਬ ਰੇਸ ’ਤੇ ਨਿਕਲੇ ਭਾਰਤੀ ਜਲ ਸੈਨਾ ਦੇ ਕਮਾਂਡਰ ਅਭਿਲਾਸ਼ ਟੌਮੀ (39) ਨੂੰ ਤਿੰਨ ਦਿਨਾਂ ਦੀ ਮੁਸ਼ੱਕਤ ਮਗਰੋਂ ਸੋਮਵਾਰ ਨੂੰ ਬਚਾ ਲਿਆ ਗਿਆ ਹੈ। ਜਲ ਸੈਨਾ ਦੇ ਅਧਿਕਾਰੀਆਂ ਨੇ ਕਿਹਾ ਕਿ ਉਸ ਦੀ ਕਿਸ਼ਤੀ ਜ਼ੋਰਦਾਰ ਤੂਫ਼ਾਨ ’ਚ ਫਸ ਗਈ ਸੀ ਜਿਸ ਕਰਕੇ ਉਸ ਦੀ ਪਿੱਠ ’ਤੇ ਗੰਭੀਰ ਸੱਟ ਲੱਗ ਗਈ। ਤਿੰਨ ਦਿਨਾਂ ਮਗਰੋਂ ਕੀਰਤੀ ਚੱਕਰ ਜੇਤੂ ਅਭਿਲਾਸ਼ ਨੂੰ ਆਸਟਰੇਲੀਆ ਨੇੜੇ ਹਿੰਦ ਮਹਾਸਾਗਰ ’ਚ ਕਈ ਮੁਲਕਾਂ ਦੇ ਸਹਿਯੋਗ ਨਾਲ ਮੁਹਿੰਮ ਚਲਾ ਕੇ ਸੁਰੱਖਿਅਤ ਕੱਢਿਆ ਗਿਆ। ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਕਮਾਂਡਰ ਹੋਸ਼ ’ਚ ਹੈ ਅਤੇ ਠੀਕ-ਠਾਕ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਸ਼ਾਮ ਤਕ ਉਸ ਨੂੰ ਨੇੜਲੇ ਟਾਪੂ ’ਤੇ ਲਿਜਾਂਦਾ ਜਾਵੇਗਾ ਅਤੇ ਉਥੋਂ ਉਸ ਨੂੰ ਆਈਐਨਐਸ ਸਤਪੁਰਾ ਰਾਹੀਂ ਇਲਾਜ ਲਈ ਮਾਰੀਸ਼ਸ ਭੇਜਿਆ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਫਰਾਂਸ ਦੇ ਮੱਛੀਆਂ ਫੜਨ ਵਾਲੇ ਬੇੜੇ ਓਸੀਰਿਸ ਨੇ ਉਸ ਨੂੰ ਬਚਾਇਆ। ਉਸ ਦੀ ਕਿਸ਼ਤੀ ਖ਼ਤਰਨਾਕ ਤੂਫ਼ਾਨ ’ਚ ਫਸ ਗਈ ਸੀ ਅਤੇ ਕਰੀਬ 15 ਮੀਟਰ ਉੱਚੀਆਂ ਲਹਿਰਾਂ ਨਾਲ ਉਸ ਦੀ ਕਿਸ਼ਤੀ ਦਾ ਮੂਹਰਲਾ ਹਿੱਸਾ ਟੁੱਟ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਜਲ ਸੈਨਾ ਦੇ ਨਿਗਰਾਨੀ ਵਾਲੇ ਜਹਾਜ਼ ਪੀ 8ਆਈ ਨੇ ਬਚਾਅ ਮੁਹਿੰਮ ’ਚ ਸਹਾਇਤਾ ਕੀਤੀ। ਜਲ ਸੈਨਾ ਦੇ ਤਰਜਮਾਨ ਕੈਪਟਨ ਡੀ ਕੇ ਸ਼ਰਮਾ ਨੇ ਕਿਹਾ ਕਿ ਆਸਟਰੇਲੀਅਨ ਜਲ ਸੈਨਾ ਵੱਲੋਂ ਆਪਣਾ ਸਮੁੰਦਰੀ ਜਹਾਜ਼ ਓਸੀਰਿਸ ਕੋਲ ਭੇਜਿਆ ਗਿਆ ਹੈ ਅਤੇ ਟੌਮੀ ਨੂੰ ਤੁਰੰਤ ਉਸ ’ਚ ਲਿਆਂਦਾ ਜਾਵੇਗਾ। ਜ਼ਿਕਰਯੋਗ ਹੈ ਕਿ ਟੌਮੀ ਰੇਸ ’ਚ ਤੀਜੇ ਨੰਬਰ ’ਤੇ ਸੀ ਅਤੇ ਉਸ ਨੇ 84 ਦਿਨਾਂ ’ਚ 10500 ਨੌਟੀਕਲ ਮੀਲ ਦਾ ਸਫ਼ਰ ਤੈਅ ਕਰ ਲਿਆ ਸੀ। ਐਤਵਾਰ ਨੂੰ ਉਹ ਫਰਾਂਸ ’ਚ ਰੇਸ ਦੇ ਪ੍ਰਬੰਧਕਾਂ ਨਾਲ ਸੰਪਰਕ ਕਰਨ ’ਚ ਕਾਮਯਾਬ ਰਿਹਾ ਸੀ ਅਤੇ ਉਨ੍ਹਾਂ ਨੂੰ ਸਹਾਇਤਾ ਦੀ ਅਪੀਲ ਕੀਤੀ ਸੀ ਕਿਉਂਕਿ ਉਹ ਅੱਗੇ ਵਧਣ ’ਚ ਨਾਕਾਮ ਰਿਹਾ ਸੀ।