ਹਿਮਾਚਲ ਵਿੱਚ ਮੀਂਹ ਨਾਲ ਤਬਾਹੀ, ਸੜਕਾਂ ਰੁੜ੍ਹੀਆਂ

ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਨੇ ਬੀਤੇ 24 ਘੰਟਿਆਂ ਦੌਰਾਨ ਕਈ ਵਿਅਕਤੀਆਂ ਦੀ ਜਾਨ ਲੈ ਲਈ ਹੈ ਜਦਕਿ ਸੂਬੇ ’ਚ ਕਈ ਮਾਰਗ ਬੰਦ ਹੋ ਗਏ ਹਨ। ਸਾਰੇ ਛੋਟੇ ਅਤੇ ਵੱਡੇ ਨਦੀ-ਨਾਲੇ ਮੀਂਹ ਦੇ ਪਾਣੀ ਨਾਲ ਭਰੇ ਪਏ ਹਨ। ਲਾਹੌਲ ਸਪਿਤੀ, ਕਿਨੌਰ, ਚੰਬਾ ਜ਼ਿਲ੍ਹੇ ਦੇ ਪਾਂਗੀ ਅਤੇ ਭਰਮੌਰ ਤੇ ਧੌਲਾਧਾਰ ਪਹਾੜੀਆਂ ’ਤੇ ਅੱਜ ਤੀਜੇ ਦਿਨ ਵੀ ਬਰਫ਼ਬਾਰੀ ਜਾਰੀ ਰਹੀ। ਲਾਹੌਲ ਸਪਿਤੀ ਜ਼ਿਲ੍ਹਾ ਬਰਫ਼ਬਾਰੀ ਕਾਰਨ ਬਾਕੀ ਦੁਨੀਆ ਨਾਲੋਂ ਕੱਟ ਗਿਆ ਹੈ। ਜਾਣਕਾਰੀ ਮੁਤਾਬਕ ਕੇਲਾਂਗ-ਲੇਹ ਸੜਕ ’ਤੇ ਜਿੰਗਜਿੰਬਾਰ ਅਤੇ ਦਾਰਚਾ ਵਿਚਕਾਰ ਕਰੀਬ 300 ਸੈਲਾਨੀ ਫਸੇ ਹੋਏ ਹਨ। ਭਾਰੀ ਬਰਫ਼ਬਾਰੀ ਕਾਰਨ ਸੜਕਾਂ ਬੰਦ ਹੋਣ ਕਰਕੇ ਫਸੇ ਲੋਕਾਂ ਨੂੰ ਕੱਢਣ ਦਾ ਕੰਮ ਅੱਜ ਵੀ ਸ਼ੁਰੂ ਨਹੀਂ ਹੋ ਸਕਿਆ। ਭਾਰਤੀ ਹਵਾਈ ਫੌਜ ਨੇ ਦੋ ਦਿਨਾਂ ਦੌਰਾਨ ਫਸੇ ਹੋਏ 21 ਵਿਅਕਤੀਆਂ ਨੂੰ ਬਚਾਇਆ ਹੈ। ਸੋਮਵਾਰ ਨੂੰ ਬਿਆਸ ਦਰਿਆ ਦੇ ਕੰਢੇ ’ਤੇ ਫਸੇ ਦੋ ਨੌਜਵਾਨਾਂ ਨੂੰ ਹੈਲੀਕਾਪਟਰ ਨੇ ਬਚਾਇਆ। ਹੈਲੀਕਾਪਟਰ ਉਤਾਰਨ ਦੀ ਉਥੇ ਥਾਂ ਨਹੀਂ ਸੀ ਪਰ ਰੱਸੀਆਂ ਦੀ ਮੱਦਦ ਨਾਲ ਉਨ੍ਹਾਂ ਨੂੰ ਸੁਰੱਖਿਅਤ ਕੱਢ ਕੇ ਭੁੰਤਰ ਲਿਆਂਦਾ ਗਿਆ। ਸੂਬੇ ਦੇ ਪੰਡੋਹ ਅਤੇ ਚਮੇਰਾ ਬੰਨ੍ਹ ਤੋਂ ਪਾਣੀ ਛੱਡਿਆ ਜਾ ਰਿਹਾ ਹੈ। ਦਰਿਆਵਾਂ ’ਚ ਮਿੱਟੀ ਵਧ ਜਾਣ ਕਰਕੇ ਲਾਰਜੀ ਸਮੇਤ ਕਈ ਪਣ ਬਿਜਲੀ ਪ੍ਰਾਜੈਕਟ ਤੀਜੇ ਦਿਨ ਵੀ ਠੱਪ ਰਹੇ। ਸੂਬੇ ’ਚ ਕੱਲ ਵੀ ਸਾਰੇ ਵਿਦਿਅਕ ਅਦਾਰੇ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਬੀਤੀ ਰਾਤ ਪੁਰਾਣੀ ਮਨਾਲੀ ’ਚ ਕਲੱਬ ਹਾਊਸ ਕੋਲ ਇਕ ਜੀਪ ਦੇ ਮਨਾਲਸੂ ਦਰਿਆ ’ਚ ਡਿੱਗ ਜਾਣ ਕਰਕੇ ਇਕ ਮਹਿਲਾ ਸਮੇਤ ਤਿੰਨ ਵਿਅਕਤੀ ਵਹਿ ਗਏ। ਕੁੱਲੂ ਦੀ ਮਣੀਕਰਨ ਘਾਟੀ ਦੇ ਗਲੂ ਪੁਲ ਨਾਮਕ ਸਥਾਨ ’ਤੇ ਅੱਜ ਸਵੇਰੇ ਪੰਜਾਬ ਨੰਬਰ ਦੀ ਇਕ ਸਕੂਟੀ ਹਾਦਸਾਗ੍ਰਸਤ ਹੋਣ ਕਾਰਨ ਦੋ ਨੌਜਵਾਨ ਪਾਰਵਤੀ ਨਦੀ ’ਚ ਡਿੱਗ ਗਏ। ਉਧਰ ਬਜੌਰਾ ’ਚ 15 ਸਾਲਾਂ ਦੀ ਲੜਕੀ ਬਿਆਸ ਨਦੀ ’ਚ ਡੁੱਬ ਗਈ। ਬਿਆਸ ਅਤੇ ਪਾਰਵਤੀ ਦਰਿਆਵਾਂ ’ਚ ਵਹੇ ਇਨ੍ਹਾਂ ਲੋਕਾਂ ਦਾ ਅਜੇ ਤਕ ਪਤਾ ਨਹੀਂ ਲੱਗਿਆ ਹੈ। ਕਾਂਗੜਾ ਜ਼ਿਲ੍ਹੇ ਦੇ ਜਵਾਲੀ ਇਲਾਕੇ ਦੀ ਜਵਾਲੀ ਖੱਡ ਪਾਰ ਕਰਦੇ ਸਮੇਂ ਇਕ ਨੌਜਵਾਨ ਤਿਲਕਰਾਜ ਪਾਣੀ ਦੇ ਤੇਜ਼ ਵਹਾਅ ’ਚ ਡੁੱਬ ਗਿਆ। ਊਨਾ ਜ਼ਿਲ੍ਹੇ ਦੇ ਗਗਰੇਟ ’ਚ ਗੋਲਡਨ ਸਟਾਰ ਜੂਸ ਫੈਕਟਰੀ ਦੀ ਇਮਾਰਤ ਡਿੱਗ ਜਾਣ ਕਰਕੇ ਦਿੱਲੀ ਦੇ ਰਹਿਣ ਵਾਲੇ ਮੈਨੇਜਰ ਭਰਤ ਸਿੰਘ ਦੀ ਮੌਤ ਹੋ ਗਈ। ਭਾਰੀ ਮੀਂਹ ਅਤੇ ਹੜ੍ਹ ਕਾਰਨ ਕੁੱਲੂ ਜ਼ਿਲ੍ਹਾ ਸਭ ਤੋਂ ਵਧ ਪ੍ਰਭਾਵਿਤ ਹੋਇਆ ਹੈ। ਕੁੱਲੂ ਅਤੇ ਮਨਾਲੀ ਵਿਚਕਾਰ ਕਈ ਥਾਵਾਂ ’ਤੇ ਸੜਕ ਦਾ ਨਾਮੋ ਨਿਸ਼ਾਨ ਹੀ ਮਿਟ ਗਿਆ ਹੈ। ਕੁੱਲੂ ਅਤੇ ਮਨਾਲੀ ਵਿਚਕਾਰ ਸੜਕ ਸੰਪਰਕ ਪੂਰੀ ਤਰ੍ਹਾਂ ਨਾਲ ਕੱਟ ਚੁੱਕਿਆ ਹੈ। ਕਿਨੌਰ ਤੋਂ ਗੁਜ਼ਰਨ ਵਾਲਾ ਹਿੰਦੁਸਤਾਨ-ਤਿੱਬਤ ਮਾਰਗ ਅੰਸ਼ਕ ਤੌਰ ’ਤੇ ਕੁਝ ਥਾਵਾਂ ਤੋਂ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਭਰਮੌਰ ਦੇ ਹੋਲੀ ’ਚ ਸਕੂਲੀ ਖੇਡ ਮੁਕਾਬਲਿਆਂ ’ਚ ਹਿੱਸਾ ਲੈਣ ਲਈ ਗਏ 1200 ਲੜਕੇ ਅਤੇ ਲੜਕੀਆਂ ਸੜਕਾਂ ਬੰਦ ਹੋ ਜਾਣ ਅਤੇ ਭਾਰੀ ਮੀਂਹ ਪੈਣ ਕਾਰਨ ਫਸ ਗਏ ਹਨ। ਸਪਿਤੀ ਵਾਦੀ ’ਚ ਚੰਦਰਤਾਲ ਝੀਲ ਘੁੰਮਣ ਲਈ ਗਏ ਆਈਆਈਟੀ ਮੰਡੀ ਦੇ ਪੰਜ ਅਧਿਆਪਕ ਗ੍ਰਾਮਫੂ-ਕਾਜ਼ਾ ਸੜਕ ’ਤੇ ਭਾਰੀ ਬਰਫ਼ਬਾਰੀ ਕਾਰਨ ਫਸ ਗਏ ਹਨ। ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਹੈ।