ਹਵਾਬਾਜ਼ੀ ਖੇਤਰ ਦੀ ਸੁਰੱਖਿਆ ਨਜ਼ਰਅੰਦਾਜ਼ ਨਹੀਂ ਕਰ ਸਕਦੇ : ਰਾਜਨਾਥ

ਦਹਿਸ਼ਤਗਰਦ ਕੌਮਾਂਤਰੀ ਉਡਾਣਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਕੋਸਿ਼ਸ਼ਾਂ ’ਚ

ਸਾਲ 2009 ਵਿੱਚ ਸਾਹਮਣੇ ਆਏ ‘ਅੰਡਰਵੀਅਰ ਬੰਬਾਰ’ ਦਾ ਚੇਤਾ ਕਰਦਿਆਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਆਖਿਆ ਕਿ ਦਹਿਸ਼ਤਗਰਦ ਕੌਮਾਂਤਰੀ ਉਡਾਣਾਂ ਨੂੰ ਨਿਸ਼ਾਨਾ ਬਣਾਉਣ ਲਈ ਆਪਣੀਆਂ ਹੱਦਾਂ ਮੋਕਲੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿੱਚ 40 ਛੋਟੇ ਹਵਾਈ ਅੱਡਿਆਂ ਅਤੇ ਹੈਲੀਪੋਰਟਾਂ ਦੀ ਸੁਰੱਖਿਆ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ।
ਕੇਂਦਰੀ ਗ੍ਰਹਿ ਮੰਤਰੀ ਨੇ ਇੱਥੇ ‘ਕੌਮਾਂਤਰੀ ਸ਼ਹਿਰੀ ਹਵਾਬਾਜ਼ੀ ਸੁਰੱਖਿਆ’ ਬਾਰੇ ਦੋ ਰੋਜ਼ਾ ਸੈਮੀਨਾਰ ਦਾ ਉਦਘਾਟਨ ਕਰਦਿਆਂ ਕਿਹਾ ‘‘ ਸ਼ਹਿਰੀ ਹਵਾਬਾਜ਼ੀ ਸੈਕਟਰ ਬਹੁਤ ਹੀ ਸੰਵੇਦਨਸ਼ੀਲ ਹੈ ਅਤੇ ਜਦੋਂ ਕਦੇ ਵੀ ਹਮਲਾ ਹੁੰਦਾ ਹੈ ਤਾਂ ਦੁਨੀਆ ਦਾ ਕੇਂਦਰਬਿੰਦੂ ਬਣ ਜਾਂਦਾ ਹੈ। ਆਮ ਤੌਰ ’ਤੇ ਇਨ੍ਹਾਂ ਘਟਨਾਵਾਂ ਦੇ ਭੂ-ਰਾਜਸੀ ਸਿੱਟੇ ਨਿਕਲਦੇ ਹਨ। ਉਨ੍ਹਾਂ ਕਿਹਾ ‘‘ 2001 ਵਿਚ ਜੁੱਤੀ ਬੰਬਾਰ, 2006 ਵਿਚ ਵਰਤੇ ਗਏ ਤਰਲ ਵਿਸਫ਼ੋਟਕ ਅਤੇ 2009 ਵਿਚ ਐਮਸਟ੍ਰਡਮ ਵਿਚ ਅੰਡਰਵੀਅਰ ਬੰਬਾਰ ਦੀਆਂ ਘਟਨਾਵਾਂ ਤੋਂ ਸਾਫ਼ ਸੰਕੇਤ ਮਿਲਦਾ ਹੈ ਕਿ ਦਹਿਸ਼ਤਗਰਦ ਹਵਾਬਾਜ਼ੀ ਖੇਤਰ ਨੂੰ ਨਿਸ਼ਾਨਾ ਬਣਾਉਣ ਲਈ ਆਪੋ ਆਪਣੀਆਂ ਹੱਦਾਂ ਵਧਾ ਰਹੇ ਹਨ।
ਉਨ੍ਹਾਂ ਦੇਸ਼ ਦੀਆਂ ਹਵਾਬਾਜ਼ੀ ਸੁਰੱਖਿਆ ਏਜੰਸੀਆਂ ਨੂੰ ਅਜਿਹੇ ਖਤਰਿਆਂ ਨਾਲ ਨਜਿੱਠਣ ਲਈ ਮਨਸੂਬਾਬੰਦੀ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਕਿਸੇ ਦਾਅਵੇ ਦੀ ਤਾਕਤ ਉਸ ਦੀ ਸਭ ਤੋਂ ਛੋਟੀ ਇਕਾਈ ਦੀ ਤਾਕਤ ’ਤੇ ਨਿਰਭਰ ਕਰਦੀ ਹੈ ਜਿਸ ਕਰ ਕੇ ਛੋਟੇ ਹਵਾਈ ਅੱਡਿਆਂ ਦੀ ਸੁਰੱਖਿਆ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।