ਏਅਰ ਚੀਫ ਮਾਰਸ਼ਲ ਬੀਐਸ ਧਨੋਆ ਨੇ ਅੱਜ ਆਖਿਆ ਕਿ ਭਾਰਤੀ ਹਵਾਈ ਸੈਨਾ ਹਿੰਦ ਮਹਾਸਾਗਰ ਖਿੱਤੇ ਵਿਚ ਪੈਦਾ ਹੋਣ ਵਾਲੇ ਸੰਭਾਵੀ ਖਤਰਿਆਂ ਪ੍ਰਤੀ ਮੁਸਤੈਦ ਹੈ ਤੇ ਦੇਸ਼ ਦੇ ਕੌਮੀ ਹਿੱਤਾਂ ਦੀ ਰਾਖੀ ਲਈ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ।
ਪੀਟੀਆਈ ਨਾਲ ਮੁਲਾਕਾਤ ਵਿਚ ਉਨ੍ਹਾਂ ਆਖਿਆ ਕਿ ਭਾਰਤ ਦੇ ਗੁਆਂਢ ਵਿਚ ਹੋ ਰਹੇ ਆਧੁਨਿਕੀਕਰਨ ਤੇ ਨਵੇਂ ਸਾਜ਼ੋ ਸਾਮਾਨ ਸ਼ਾਮਲ ਕਰਨ ਦੀ ਦਰ ਸਾਡੇ ਲਈ ਕਾਫ਼ੀ ਚਿੰਤਾ ਦਾ ਵਿਸ਼ਾ ਹੈ ਜਦਕਿ ਭਾਰਤ ਨੂੰ ਅਣਸੁਲਝੇ ਇਲਾਕਾਈ ਵਿਵਾਦਾਂ ਅਤੇ ਸਪਾਂਸਰਡ ਗ਼ੈਰ-ਰਾਜਕੀ ਤੇ ਪਾਰਕੌਮੀ ਕਾਰਕਾਂ ਤੋਂ ਖ਼ਤਰਾ ਹੋ ਸਕਦਾ ਹੈ। ’’
ਜਦੋਂ ਇਹ ਪੁੱਛਿਆ ਗਿਆ ਕਿ ਕੀ ਭਾਰਤੀ ਹਵਾਈ ਸੈਨਾ ਜੰਮੂ ਕਸ਼ਮੀਰ ਵਿਚ ਅਸਲ ਕੰਟਰੋਲ ਰੇਖਾ ਤੋਂ ਪਾਰ ਚਲਦੇ ਦਹਿਸ਼ਤਗਰਦ ਸਿਖਲਾਈ ਕੈਂਪਾਂ ਨੂੰ ਤਹਿਸ ਨਹਿਸ ਕਰਨ ਵਿਚ ਕੋਈ ਭੂਮਿਕਾ ਨਿਭਾ ਸਕਦੀ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਸੰਭਾਵਨਾ ਮੁੱਢੋਂ ਰੱਦ ਨਹੀਂ ਕੀਤੀ ਜਾ ਸਕਦੀ। ਸ੍ਰੀ ਧਨੋਆ ਨੇ ਕਿਹਾ ‘‘ ਸਰਹੱਦ ਤੋਂ ਪਾਰ ਪੈਦਾ ਹੋਣ ਵਾਲੇ ਖ਼ਤਰਿਆਂ, ਭਾਵੇਂ ਇਹ ਰਵਾਇਤੀ ਹੋਣ ਜਾਂ ਕਿਸੇ ਹੋਰ ਕਿਸਮ ਦੇ, ਨਾਲ ਸਿੱਝਣ ਲਈ ਭਾਰਤੀ ਹਵਾਈ ਸੈਨਾ ਚੰਗੀ ਤਰ੍ਹਾਂ ਤਿਆਰ ਹੈ।’’ ਸ੍ਰੀ ਧਨੋਆ ਨੇ ਚੀਨ ਵਲੋਂ ਆਪਣੀ ਹਵਾਈ ਸੈਨਾ ਦੇ ਕੀਤੇ ਜਾ ਰਹੇ ਆਧੁਨਿਕੀਕਰਨ ਤੇ ਭਾਰਤੀ ਸਰਹੱਦ ਨਾਲ ਪੈਂਦੇ ਤਿੱਬਤ ਖ਼ੁਦਮਖਤਾਰ ਖਿੱਤੇ ਅੰਦਰ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਅਸਿੱਧੇ ਢੰਗ ਨਾਲ ਜ਼ਿਕਰ ਕਰਦਿਆਂ ਕਿਹਾ ‘‘ ਭਾਰਤੀ ਹਵਾਈ ਸੈਨਾ ਸਾਡੀਆਂ ਸਰਹੱਦਾਂ ਤੋਂ ਪਾਰ ਪੈਦਾ ਹੋਣ ਵਾਲੇ ਕਿਸੇ ਵੀ ਖਤਰੇ ਨਾਲ ਸਿੱਝਣ ਦੇ ਸਮੱਰਥ ਹੈ ਹਾਲਾਂਕਿ ਸਾਡੇ ਗੁਆਂਢ ਵਿਚ ਹੋ ਰਿਹਾ ਆਧੁਨਿਕੀਕਰਨ ਤੇ ਨਵੇਂ ਔਜ਼ਾਰਾਂ ਦੀ ਸ਼ਮੂਲੀਅਤ ਚਿੰਤਾ ਦਾ ਵਿਸ਼ਾ ਹੈ ਤਾਂ ਵੀ ਭਾਰਤੀ ਹਵਾਈ ਸੈਨਾ ਇਨ੍ਹਾਂ ਨਵੇਂ ਵਰਤਾਰਿਆਂ ਦੀ ਪੂਰਤੀ ਲਈ ਢੁਕਵੇਂ ਉਪਰਾਲੇ ਕਰਦੀ ਹੋਈ ਅਗਾਂਹ ਵਧ ਰਹੀ ਹੈ।’’
INDIA ਹਵਾਈ ਸੈਨਾ ਕਿਸੇ ਵੀ ਖ਼ਤਰੇ ਦਾ ਟਾਕਰਾ ਕਰਨ ਦੇ ਪੂਰੀ ਤਰ੍ਹਾਂ ਸਮੱਰਥ:...