ਹਰੀਕੇ ਜਲਗਾਹ ਨੂੰ ਕੌਮਾਂਤਰੀ ਸੈਰਗਾਹ ਵਜੋਂ ਵਿਕਸਤ ਕਰਨ ਦਾ ਐਲਾਨ

ਰਾਜ ’ਚ ਸੈਰ ਸਪਾਟੇ ਦੇ ਵਿਕਾਸ ਲਈ 1200 ਕਰੋੜ ਦੀ ਯੋਜਨਾ ਤਿਆਰ: ਸਿੱਧੂ

ਪੰਜਾਬ ਸਰਕਾਰ ਵੱਲੋਂ ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਸਹਿਯੋਗ ਨਾਲ 1200 ਕਰੋੜ ਰੁਪਏ ਖਰਚ ਕੇ ਰਾਜ ਵਿੱਚ ਸੈਰ ਸਪਾਟੇ ਨੂੰ ਵਿਕਸਤ ਕਰਨ ਲਈ ਵਿਆਪਕ ਯੋਜਨਾ ਤਿਆਰ ਕੀਤੀ ਗਈ ਹੈ ਜਿਸ ਵਿੱਚੋਂ 150 ਕਰੋੜ ਰੁਪਏ ਖਰਚ ਕੇ ਹਰੀਕੇ ਜਲਗਾਹ ਨੂੰ ਕੌਮਾਂਤਰੀ ਪੱਧਰ ’ਤੇ ਸੈਰਗਾਹ ਵਜੋਂ ਉਭਾਰਿਆ ਜਾਵੇਗਾ। ਇਹ ਐਲਾਨ ਸੈਰ-ਸਪਾਟਾ, ਸੱਭਿਆਚਾਰਕ ਮਾਮਲੇ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਵਰਲਡ ਵੈੱਟਲੈਂਡ ਦਿਵਸ ਮੌਕੇ ਹਰੀਕੇ ਹੈੱਡ ਵਰਕਸ ’ਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਦੌਰਾਨ ਕੈਬਨਿਟ ਮੰਤਰੀ ਨੇ ਸੈਰ ਸਪਾਟਾ ਵਿਭਾਗ ਵੱਲੋਂ ਜਲਗਾਹਾਂ ਦੇ ਪੰਛੀਆਂ ਅਤੇ ਲੈਂਡ ਸਕੇਪ ਸਬੰਧੀ ਲਗਾਈ ਗਈ ਫੋਟੋ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਵਿਧਾਨ ਸਭਾ ਹਲਕਾ ਜ਼ੀਰਾ ਅਤੇ ਪੱਟੀ ਵਿੱਚ ਸੀਵਰੇਜ ਪਾਉਣ ਲਈ 20-20 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਹਰੀਕੇ ਵੈੱਟਲੈਂਡ ਨੂੰ ਸੈਰ ਸਪਾਟੇ ਵਜੋਂ ਵਿਕਸਤ ਕਰਨ ਲਈ ਮਾਹਿਰਾਂ ਵੱਲੋਂ ਵਿਆਪਕ ਯੋਜਨਾ ਤਿਆਰ ਕੀਤੀ ਗਈ ਹੈ, ਜੋ ਵਾਤਾਵਰਨ ਅਤੇ ਪੰਛੀ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਬਣੇਗੀ। ਉਨ੍ਹਾਂ ਦੱਸਿਆ ਕਿ ਸੈਰ ਸਪਾਟਾ ਵਿਭਾਗ ਵੱਲੋਂ ਇੱਥੇ 10 ਕਰੋੜ ਰੁਪਏ ਦੀ ਲਾਗਤ ਨਾਲ ਸੂਚਨਾ ਸੈਂਟਰ, ਬਰਡ ਵਾਚ ਟਾਵਰ, ਪੰਛੀਆਂ ਦੀਆਂ ਰੱਖਾਂ ਅਤੇ ਨਿਗਰਾਨੀ ਟਾਵਰ ਤੋਂ ਇਲਾਵਾ ਕੰਟੀਨ ਤੇ ਪਾਰਕਿੰਗ ਆਦਿ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰੀਕੇ ਵੈੱਟਲੈਂਡ ’ਚ ਹਰ ਸਾਲ ਵੱਡੀ ਗਿਣਤੀ ਵਿੱਚ ਪਰਵਾਸੀ ਪੰਛੀ ਆਉਂਦੇ ਹਨ। ਇਸ ਸਾਲ ਇੱਥੇ ਰਿਕਾਰਡ ਲਗਭਗ 1 ਲੱਖ 25 ਹਜ਼ਾਰ ਪੰਛੀਆਂ ਦੀ ਆਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਬਹੁਤ ਜਲਦੀ ਹੀ ਸੈਲਾਨੀਆਂ ਲਈ ਈ-ਰਿਕਸ਼ਾ, ਸਾਈਕਲਿੰਗ ਤੇ ਬੋਟਿੰਗ ਤੋਂ ਇਲਾਵਾ ਹੋਰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਵਿਰਾਸਤੀ, ਸੱਭਿਆਚਾਰਕ, ਮੈਡੀਕਲ, ਧਾਰਮਿਕ ਅਤੇ ਈਕੋ ਟੂਰੀਜ਼ਮ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰੀਕੇ ਜਲਗਾਹ ਨੂੰ ਸੈਰ ਸਪਾਟੇ ਵਜੋਂ ਵਿਕਸਤ ਕਰਨ ਲਈ 6 ਮਹੀਨਿਆਂ ਅੰਦਰ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ 3 ਸਾਲ ਦੇ ਅੰਦਰ ਇਸ ਨੂੰ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਮਸਰ ਗਾਈਡਲਾਈਨ ਅਨੁਸਾਰ ਹਰੀਕੇ ਵੈੱਟਲੈਂਡ ਨੂੰ ਪਹਿਲੇ ਨੰਬਰ ਦੀ ਰਮਸਰ ਵੈੱਟਲੈਂਡ ਦਾ ਦਰਜਾ ਦਿੱਤਾ ਗਿਆ ਹੈ। ਇਸ ਮੌਕੇ ਸੈਰ ਸਪਾਟਾ ਵਿਭਾਗ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਜਲਗਾਹਾਂ ਅਤੇ ਪੰਛੀਆਂ ਸਬੰਧੀ ਵੀਡੀਓ ਵੀ ਦਿਖਾਈ ਗਈ ਅਤੇ ਜਲਗਾਹਾਂ ਤੇ ਵਾਤਾਵਰਨ ਸੰਤੁਲਨ ਸਬੰਧੀ ਜਾਣਕਾਰੀ ਦਿੱਤੀ ਗਈ। ਸਕੂਲੀ ਵਿਦਿਆਰਥੀਆਂ ਵਿੱਚ ਪੇਂਟਿੰਗ ਮੁਕਾਬਲੇ ਕਰਵਾਏ ਗਏ, ਜਿਸ ਦੇ ਜੇਤੂਆਂ ਨੂੰ ਕੈਬਨਿਟ ਮੰਤਰੀ ਨੇ ਨਕਦ ਇਨਾਮ ਦਿੱਤੇ। ਇਸ ਤੋਂ ਪਹਿਲਾਂ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਵਿਕਾਸ ਪ੍ਰਤਾਪ ਅਤੇ ਡਿਵੀਜ਼ਨਲ ਜੰਗਲਾਤ ਅਫਸਰ ਸ੍ਰੀਮਤੀ ਕਲਪਨਾ ਸਿੰਘ ਨੇ ਮੁੱਖ ਮਹਿਮਾਨ ਨਵਜੋਤ ਸਿੰਘ ਸਿੱਧੂ ਦਾ ਰਸਮੀ ਸਵਾਗਤ ਕਰਦਿਆਂ ਹਾਜ਼ਰ ਲੋਕਾਂ ਨੂੰ ਜਲਗਾਹਾਂ ਦੀ ਮਹੱਤਤਾ ਤੇ ਵਾਤਾਵਰਨ ਸੰਤੁਲਨ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਡਾਇਰੈਕਟਰ ਟੂਰਿਜ਼ਮ ਐੱਮਐੱਸ ਜੱਗੀ, ਵਧੀਕ ਡਿਪਟੀ ਕਮਿਸ਼ਨਰ ਜਨਰਲ ਗੁਰਮੀਤ ਸਿੰਘ ਮੁਲਤਾਨੀ, ਕਾਰਜਕਾਰੀ ਡਾਇਰੈਕਟਰ ਟੂਰਿਜ਼ਮ ਆਰਐੱਸ ਅਰੋੜਾ, ਐੱਸਡੀਐਮ ਜ਼ੀਰਾ ਨਰਿੰਦਰ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ ਰਣਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਥਾਨਕ ਵਾਸੀ ਤੇ ਸਕੂਲੀ ਵਿਦਿਆਰਥੀ ਹਾਜ਼ਰ ਸਨ।